T20 ਵਿਸ਼ਵ ਕੱਪ ਤੋਂ ਪਹਿਲਾਂ ਹਾਰਦਿਕ ਪਾਂਡਿਆ ਬਾਰੇ ਇਰਫਾਨ ਪਠਾਨ ਨੇ ਦੇ ਦਿਤਾ ਵੱਡਾ ਬਿਆਨ, ਟੀਮ ’ਚ ਸ਼ਾਮਲ ਹੋਣ ’ਤੇ ਲੱਗਾ ਸਵਾਲੀਆ ਨਿਸ਼ਾਨ

ਏਜੰਸੀ

ਖ਼ਬਰਾਂ, ਖੇਡਾਂ

ਕਿਹਾ, ਕਿਸੇ ਇਕ ਖਿਡਾਰੀ ਨੂੰ ਮਹੱਤਵ ਦੇਣਾ ਬੰਦ ਕਰਨਾ ਚਾਹੀਦਾ ਹੈ, ਟੂਰਨਾਮੈਂਟ ਜਿੱਤਣ ’ਤੇ ਹੋਵੇ ਧਿਆਨ

Hardik Pandya and Irfan Pathan

ਨਵੀਂ ਦਿੱਲੀ: ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟ ਨੂੰ ਹਾਰਦਿਕ ਪਾਂਡਿਆ ਨੂੰ ਕੌਮਾਂਤਰੀ ਪੱਧਰ ’ਤੇ ਆਲਰਾਊਂਡਰ ਦੇ ਤੌਰ ’ਤੇ ਇੰਨੀ ਤਰਜੀਹ ਨਹੀਂ ਦੇਣੀ ਚਾਹੀਦੀ ਕਿਉਂਕਿ ਉਹ ਆਈ.ਸੀ.ਸੀ. ਟੂਰਨਾਮੈਂਟਾਂ ’ਚ ਅਸਰ ਵਿਖਾਉਣ ’ਚ ਅਸਫਲ ਰਿਹਾ ਹੈ। ਮੁੰਬਈ ਇੰਡੀਅਨਜ਼ ਦਾ ਇਹ ਆਲਰਾਊਂਡਰ ਇਸ ਆਈ.ਪੀ.ਐਲ. ਸੀਜ਼ਨ ’ਚ ਖਰਾਬ ਫਾਰਮ ਨਾਲ ਜੂਝ ਰਿਹਾ ਹੈ, ਜਿਸ ਕਾਰਨ ਉਸ ਨੂੰ ਭਾਰਤ ਦੀ T20 ਵਿਸ਼ਵ ਕੱਪ ਟੀਮ ’ਚ ਸ਼ਾਮਲ ਕਰਨ ’ਤੇ ਸਵਾਲ ਖੜ੍ਹੇ ਹੋ ਗਏ ਹਨ। ਟੀਮ ਦਾ ਐਲਾਨ ਜਲਦੀ ਹੀ ਕੀਤਾ ਜਾਣਾ ਹੈ। 

ਪਠਾਨ ਨੇ ਸਟਾਰ ਸਪੋਰਟਸ ’ਤੇ ‘ਪ੍ਰੈੱਸ ਰੂਮ ਸ਼ੋਅ, ਟਿਕਟ ਟੂ ਵਰਲਡ ਕੱਪ’ ’ਚ ਕਿਹਾ, ‘‘ਹਾਰਦਿਕ ਪਾਂਡਿਆ ਦੀ ਗੱਲ ਕਰੀਏ ਤਾਂ ਭਾਰਤੀ ਕ੍ਰਿਕਟ ਨੂੰ ਇਹ ਸਪੱਸ਼ਟ ਕਰਨ ਦੀ ਜ਼ਰੂਰਤ ਹੈ ਕਿ ਉਸ ਨੂੰ ਓਨੀ ਤਰਜੀਹ ਨਾ ਦਿਤੀ ਜਾਵੇ ਜਿੰਨੀ ਉਨ੍ਹਾਂ ਨੂੰ ਹੁਣ ਤਕ ਦਿਤੀ ਗਈ ਹੈ। ਕਿਉਂਕਿ ਅਸੀਂ ਅਜੇ ਤਕ (ਉਨ੍ਹਾਂ ਦੀ ਮੌਜੂਦਗੀ ਵਿਚ) ਵਿਸ਼ਵ ਕੱਪ ਨਹੀਂ ਜਿੱਤਿਆ ਹੈ।’’

ਉਨ੍ਹਾਂ ਕਿਹਾ, ‘‘ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਮੁੱਖ ਆਲਰਾਊਂਡਰ ਹੋ ਤਾਂ ਤੁਹਾਨੂੰ ਕੌਮਾਂਤਰੀ ਪੱਧਰ ’ਤੇ ਅਜਿਹਾ ਪ੍ਰਦਰਸ਼ਨ ਕਰਨਾ ਹੋਵੇਗਾ। ਜਿੱਥੋਂ ਤਕ ਆਲਰਾਊਂਡਰ ਦਾ ਸਵਾਲ ਹੈ, ਉਸ ਨੇ ਕੌਮਾਂਤਰੀ ਪੱਧਰ ’ਤੇ ਇਸ ਤਰ੍ਹਾਂ ਪ੍ਰਭਾਵ ਨਹੀਂ ਪਾਇਆ ਹੈ। ਅਸੀਂ ਸਿਰਫ ਉਸ ਦੀ ਯੋਗਤਾ ਬਾਰੇ ਸੋਚ ਰਹੇ ਹਾਂ।’’

ਪਠਾਨ ਨੇ ਕਿਹਾ, ‘‘ਆਈ.ਪੀ.ਐਲ. ਅਤੇ ਕੌਮਾਂਤਰੀ ਕ੍ਰਿਕਟ ’ਚ ਪ੍ਰਦਰਸ਼ਨ ’ਚ ਬਹੁਤ ਫ਼ਰਕ ਹੈ। ਪਹਿਲਾਂ ਤਾਂ ਪਾਂਡਿਆ ਨੂੰ ਪੂਰਾ ਸਾਲ ਖੇਡਣਾ ਹੋਵੇਗਾ। ਉਹ ਚੁਣ ਕੇ ਟੂਰਨਾਮੈਂਟ ਨਹੀਂ ਖੇਡ ਸਕਦੇ।’’ ਉਨ੍ਹਾਂ ਕਿਹਾ, ‘‘ਭਾਰਤੀ ਕ੍ਰਿਕਟ ਨੂੰ ਅਜਿਹਾ ਕਰਨਾ ਬੰਦ ਕਰਨਾ ਚਾਹੀਦਾ ਹੈ। ਕਿਸੇ ਇਕ ਖਿਡਾਰੀ ਨੂੰ ਮਹੱਤਵ ਦੇਣਾ ਬੰਦ ਕਰੋ ਕਿਉਂਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਵੱਡੇ ਟੂਰਨਾਮੈਂਟ ਨਹੀਂ ਜਿੱਤ ਸਕਦੇ।’’

ਪਠਾਨ ਨੇ ਕਿਹਾ, ‘‘ਆਸਟਰੇਲੀਆ ਕਈ ਸਾਲਾਂ ਤੋਂ ਟੀਮ ਖੇਡ ਨੂੰ ਤਰਜੀਹ ਦੇ ਰਿਹਾ ਹੈ। ਹਰ ਕਿਸੇ ਨੂੰ ਸੁਪਰਸਟਾਰ ਬਣਾ ਰਿਹਾ ਹੈ, ਉਨ੍ਹਾਂ ਦੀ ਟੀਮ ’ਚ ਕੋਈ ਇਕ ਸੁਪਰਸਟਾਰ ਨਹੀਂ ਹੈ, ਟੀਮ ’ਚ ਹਰ ਕੋਈ ਸੁਪਰਸਟਾਰ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਵੱਡੇ ਟੂਰਨਾਮੈਂਟ ਨਹੀਂ ਜਿੱਤ ਸਕੋਗੇ।’’