French Open: 39 ਸਾਲਾਂ ਦੇ ਸਟੈਨ ਵਾਵਰਿੰਕਾ ਨੇ 37 ਸਾਲਾਂ ਦੇ ਐਂਡੀ ਮਰੇ ਨੂੰ ਹਰਾਇਆ 

ਏਜੰਸੀ

ਖ਼ਬਰਾਂ, ਖੇਡਾਂ

ਸਾਲ 2000 ਤੋਂ ਬਾਅਦ ਦੋ ਖਿਡਾਰੀਆਂ ਦੀ ਮਿਲਾ ਕੇ ਉਮਰ ਦੇ ਹਿਸਾਬ ਨਾਲ ਦੂਜਾ ਸੱਭ ਤੋਂ ਵੱਧ ਉਮਰਦਰਾਜ਼ ਖਿਡਾਰੀਆਂ ਦਾ ਮੈਚ ਸੀ

Stan Wawrinka and Andy Murray

ਪੈਰਿਸ: ਸਟੈਨ ਵਾਵਰਿੰਕਾ ਨੇ ਐਤਵਾਰ ਨੂੰ ਐਂਡੀ ਮਰੇ ਨੂੰ ਫ੍ਰੈਂਚ ਓਪਨ ਦੇ ਫਾਈਨਲ ਮੈਚ ’ਚ ਸਿੱਧੇ ਸੈਟਾਂ ’ਚ ਹਰਾ ਕੇ ਫ੍ਰੈਂਚ ਓਪਨ ਤੋਂ ਬਾਹਰ ਕਰ ਦਿਤਾ। ਸਵਿਟਜ਼ਰਲੈਂਡ ਦੇ ਵਾਵਰਿੰਕਾ ਨੇ ਪਹਿਲੇ ਗੇੜ ਦੇ ਮੁਕਾਬਲੇ ’ਚ ਮਰੇ ਨੂੰ 6-4, 6-4, 6-2 ਨਾਲ ਹਰਾਇਆ। ਵਾਵਰਿੰਕਾ ਦੀ ਮਰੇ ਵਿਰੁਧ 23 ਮੈਚਾਂ ’ਚ ਇਹ 10ਵੀਂ ਜਿੱਤ ਹੈ। ਦੋਵੇਂ ਪਹਿਲੀ ਵਾਰ 2005 ’ਚ ਭਿੜੇ ਸਨ। 

ਵਾਵਰਿੰਕਾ ਨੇ ਮੈਚ ਤੋਂ ਬਾਅਦ ਕਿਹਾ, ‘‘ਇਹ ਨਿਸ਼ਚਤ ਤੌਰ ’ਤੇ ਭਾਵਨਾਤਮਕ ਹੈ। ਅਸੀਂ ਕਰੀਅਰ ਦੇ ਅੰਤ ਦੇ ਨੇੜੇ ਪਹੁੰਚ ਰਹੇ ਹਾਂ। ਅਸੀਂ ਇਕ-ਦੂਜੇ ਦਾ ਬਹੁਤ ਸਤਿਕਾਰ ਕਰਦੇ ਹਾਂ।’’ 

1980 ਤੋਂ ਬਾਅਦ 39 ਸਾਲ ਜਾਂ ਇਸ ਤੋਂ ਵੱਧ ਉਮਰ ’ਚ ਕਿਸੇ ਮੈਚ ਵਿਚ ਜਿੱਤ ਹਾਸਲ ਕਰਨ ਵਾਲੇ ਵਾਵਰਿੰਕਾ ਸਿਰਫ਼ ਤੀਜੇ ਖਿਡਾਰੀ ਹਨ। ਮਰੇ 37 ਸਾਲ ਦੇ ਹਨ ਅਤੇ ਸਾਲ 2000 ਤੋਂ ਬਾਅਦ ਦੋ ਖਿਡਾਰੀਆਂ ਦੀ ਮਿਲਾ ਕੇ ਉਮਰ ਦੇ ਹਿਸਾਬ ਨਾਲ ਦੂਜਾ ਸੱਭ ਤੋਂ ਵੱਧ ਉਮਰਦਰਾਜ਼ ਖਿਡਾਰੀਆਂ ਦਾ ਮੈਚ ਸੀ। ਵਾਵਰਿੰਕਾ ਦਾ ਮੁਕਾਬਲਾ ਦੂਜੇ ਗੇੜ ਵਿਚ ਵਿਸ਼ਵ ਦੇ 32ਵੇਂ ਨੰਬਰ ਦੇ ਖਿਡਾਰੀ ਕੈਮ ਨੋਰੀ ਅਤੇ ਪਾਵੇਲ ਕੋਟੋਵ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। 

ਐਤਵਾਰ ਨੂੰ ਜਿੱਤਣ ਦਰਜ ਕਰਨ ਵਾਲੇ ਗ੍ਰੈਂਡ ਸਲੈਮ ਚੈਂਪੀਅਨਾਂ ਵਿਚ ਕਾਰਲੋਸ ਅਲਕਾਰਾਜ਼, ਨਾਓਮੀ ਓਸਾਕਾ, ਸੋਫੀਆ ਕੇਨਿਨ ਅਤੇ ਜੇਲੇਨਾ ਓਸਟਾਪੇਂਕੋ ਸ਼ਾਮਲ ਸਨ। ਫ੍ਰੈਂਚ ਓਪਨ 2021 ਦੀ ਚੈਂਪੀਅਨ ਬਾਰਬੋਰਾ ਕ੍ਰੇਜਿਕੋਵਾ ਨੂੰ ਵਿਕਟੋਰੀਆ ਗੋਲੂਬਿਕ ਨੇ 7-6, 6-4 ਨਾਲ ਹਰਾਇਆ। ਇੱਥੇ ਖਿਤਾਬ ਜਿੱਤਣ ਤੋਂ ਬਾਅਦ 24ਵਾਂ ਦਰਜਾ ਪ੍ਰਾਪਤ ਬਾਰਬਰਾ ਲਗਾਤਾਰ ਤਿੰਨ ਵਾਰ ਪਹਿਲੇ ਗੇੜ ’ਚ ਹਾਰ ਚੁਕੀ ਹੈ। 

ਅਲਕਾਰਾਜ਼ ਨੇ ਜੇਜੇ ਵੋਲਫ ਨੂੰ 6-1, 6-2, 6-1 ਨਾਲ ਹਰਾਇਆ। ਮਹਿਲਾ ਸਿੰਗਲਜ਼ ’ਚ ਓਸਾਕਾ ਨੇ ਇਟਲੀ ਦੀ ਲੂਸੀਆ ਬ੍ਰੋਂਜੇਟੀ ਨੂੰ 6-1, 4-6, 7-5 ਨਾਲ ਹਰਾਇਆ ਜਦਕਿ 2019 ’ਚ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਅਮਰੀਕਾ ਦੀ ਅਮਾਂਡਾ ਅਨੀਸਿਮੋਵਾ ਨੇ ਰੇਬੇਕਾ ਰਾਮਕੋਵ ਨੂੰ 7-6, 6-4 ਨਾਲ ਹਰਾਇਆ।