ਹਨੁਮਾ ਵਿਹਾਰੀ ਬਿਨਾਂ ਟੈਸਟ ਖੇਡੇ ਹੀ ਬ੍ਰੈਡਮੈਨ ਦੇ ਕਰੀਬ
ਇੰਗਲੈਂਡ ਵਿਰੁਧ ਚੌਥੇ ਤੇ ਪੰਜਵੇਂ ਟੈਸਟ ਲਈ ਜਦੋਂ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਹੋਇਆ ਤਾਂ ਇਸ 'ਚ ਪ੍ਰਿਥਵੀ ਸ਼ਾਹ ਅਤੇ ਹਨੁਮਾ ਵਿਹਾਰੀ ਨਵੇਂ ਨਾਮ ਸਨ.............
ਨਵੀਂ ਦਿੱਲੀ : ਇੰਗਲੈਂਡ ਵਿਰੁਧ ਚੌਥੇ ਤੇ ਪੰਜਵੇਂ ਟੈਸਟ ਲਈ ਜਦੋਂ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਹੋਇਆ ਤਾਂ ਇਸ 'ਚ ਪ੍ਰਿਥਵੀ ਸ਼ਾਹ ਅਤੇ ਹਨੁਮਾ ਵਿਹਾਰੀ ਨਵੇਂ ਨਾਮ ਸਨ। ਜ਼ਿਆਦਾਤਰ ਕ੍ਰਿਕਟ ਪ੍ਰੇਮੀਆਂ ਨੂੰ ਟੀਮ 'ਚ ਬਦਲਾਅ ਦੀ ਉਮੀਦ ਤਾਂ ਸੀ ਪਰ ਉਨ੍ਹਾਂ ਦੀ ਸੰਭਾਵਿਤ ਟੀਮ 'ਚ ਹਨੁਮਾ ਦੀ ਥਾਂ ਨਹੀਂ ਸੀ। ਉਹ ਟੀਮ 'ਚ ਪ੍ਰਿਥਵੀ ਸ਼ਾਹ ਨਾਲ ਮਯੰਕ ਅਗਰਵਾਲ ਦੇ ਆਉਣ ਦੀ ਉਮੀਦ ਕਰ ਰਹੇ ਸਨ। ਪ੍ਰਿਥਵੀ ਅਤੇ ਮਯੰਕ ਦੋਵਾਂ ਨੇ ਪਿਛਲੇ ਦੋ ਮਹੀਨਿਆਂ 'ਚ ਇਕ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਹਨੁਮਾ ਨੇ ਇਸ ਦੌਰਾਨ ਕਰੀਬ 600 ਦੌੜਾਂ ਬਣਾਈਆਂ ਹਨ।
ਹਨੁਮਾ ਫ਼ਰਸਟਕਲਾਸ ਕ੍ਰਿਕਟ 'ਚ ਮਾਹਰ ਮੰਨੇ ਜਾਂਦੇ ਹਨ। ਉਹ ਕ੍ਰਿਕਟ ਦੇ ਇਸ ਫ਼ਾਰਮੇਟ 'ਚ ਸਰ ਡਾਨ ਬ੍ਰੈਡਮੈਨ ਦੇ ਬੇਹੱਦ ਕਰੀਬ ਹਨ। ਬ੍ਰੈਡਮੈਨ ਨੇ 234 ਮੈਚਾਂ 'ਚ 95.14 ਦੀ ਔਸਤ ਨਾਲ 28,067 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕਟ ਵਾਂਗ ਫ਼ਰਸਟਕਲਾਸ 'ਚ ਵੀ ਬ੍ਰੈਡਮੈਨ ਦਾ ਔਸਤ ਸੱਭ ਤੋਂ ਜ਼ਿਆਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਦੋਂ ਗੱਲ ਫ਼ਰਸਟਕਲਾਸ ਕ੍ਰਿਕਟ 'ਚ ਔਸਤ ਦੀ ਹੋਵੇ ਤਾਂ ਹਨੁਮਾ ਵਿਹਾਰੀ ਇਸ ਸੂਚੀ 'ਚ ਉਚ-10 'ਚ ਹਨ। ਉਹ ਮੌਜੂਦਾ ਕ੍ਰਿਕਟਰਾਂ 'ਚ ਇਕਲੌਤੇ ਬੱਲੇਬਾਜ਼ ਹਨ, ਜੋ ਇਸ ਸੂਚੀ 'ਚ ਟਾਪ-10 'ਚ ਹਨ।
ਉਨ੍ਹਾਂ ਨੇ 63 ਮੈਚਾਂ 'ਚ 59.79 ਦੀ ਔਸਤ ਨਾਲ 5142 ਦੌੜਾਂ ਬਣਾਈਆਂ ਹਨ। ਇਸ 'ਚ 15 ਸੈਂਕੜੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਦੇ ਨਾਮ ਟੈਸਟ ਕ੍ਰਿਕਟ 'ਚ ਸੱਭ ਤੋਂ ਜ਼ਿਆਦਾ ਸੈਂਕੜਿਆਂ ਤੋਂ ਲੈ ਕੇ ਸੱਭ ਤੋਂ ਜ਼ਿਆਦਾ ਦੌੜਾਂ ਹਨ ਪਰ ਫ਼ਰਸਟਕਲਾਸ ਕ੍ਰਿਕਟ ਦੀ ਸੱਭ ਤੋਂ ਜ਼ਿਆਦਾ ਔਸਤ ਇਸ ਲਿਸਟ 'ਚ ਉਹ 14ਵੇਂ ਨੰਬਰ 'ਤੇ ਹਨ। ਮੌਜੂਦਾ ਸਮੇਂ ਦੇ ਚੋਟੀ ਦੇ ਬੱਲੇਬਾਜ਼ ਵਿਰਾਟ ਕੋਹਲੀ ਤਾਂ ਇਸ ਸੂਚੀ 'ਚ 44ਵੇਂ ਸਥਾਨ 'ਤੇ ਹਨ। (ਏਜੰਸੀ)