ਭਾਰਤੀ 4x400 ਮੀਟਰ ਰੀਲੇ ਟੀਮ ਨੇ ਤੋੜਿਆ ਏਸ਼ੀਆਈ ਰੀਕਾਰਡ
ਪਹਿਲੀ ਵਾਰੀ ਵਿਸ਼ਵ ਚੈਂਪਅਨਸ਼ਿਪ ਦੇ ਫ਼ਾਈਨਲ ’ਚ ਪੁੱਜੀ
ਬੁਡਾਪੈਸਟ: ਭਾਰਤ ਦੀ ਮਰਦਾਨਾ 4x400 ਮੀਟਰ ਰੀਲੇ ਟੀਮ ਨੇ ਦੋ ਮਿੰਟ 59.05 ਸੈਕਿੰਡ ਦੇ ਸਮੇਂ ਨਾਲ ਏਸ਼ੀਆਈ ਰੀਕਾਰਡ ਤੋੜਦਿਆਂ ਪਹਿਲੀ ਵਾਰੀ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਲ ਲਈ ਕੁਆਲੀਫ਼ਾਈ ਕੀਤਾ ਹੈ।
ਭਾਰਤ ਦੇ ਮੁਹੰਮਦ ਅਨਸ ਯਾਹਿਆ, ਅਮੋਜ ਜੈਕਬ, ਮੁਹੰਮਦ ਅਜ਼ਮਲ ਵਾਰਿਆਥੋਡੀ ਅਤੇ ਰਾਜੇਸ਼ ਰਮੇਸ਼ ਦੀ ਚੌਕੜੀ ਨੇ ਸਨਿਚਰਵਾਰ ਨੂੰ ਪਹਿਲੀ ਹੀਟ (ਕੁਆਲੀਫ਼ਾਇੰਗ ਰੇਸ) ’ਚ ਅਮਰੀਕਾ (2:58.47) ਤੋਂ ਬਾਅਦ ਦੂਜਾ ਸਥਾਨ ਹਾਸਲ ਕਰ ਕੇ ਫ਼ਾਈਨਲ ’ਚ ਥਾਂ ਬਣਾਈ।
ਹਰ ਦੋ ਹੀਟ ’ਚੋਂ ਸਿਖਰਲੇ ਤਿੰਨ ’ਤੇ ਰਹਿਣ ਵਾਲੀ ਅਤੇ ਅਗਲੀ ਦੋ ਸਭ ਤੋਂ ਤੇਜ਼ ਰਹਿਣ ਵਾਲੀ ਚੌਕੜੀ ਹੀ ਫ਼ਾਈਨਲ ’ਚ ਪਹੁੰਚਦੀ ਹੈ। ਏਸ਼ੀਆਈ ਰੀਕਾਰਡ ਦੋ ਮਿੰਟ 59.51 ਸੈਕਿੰਡ ਦਾ ਸੀ ਜੋ ਜਾਪਾਨ ਦੀ ਟੀਮ ਦੇ ਨਾਂ ’ਤੇ ਸੀ। ਇਸ ਤੋਂ ਪਹਿਲਾਂ ਕੌਮੀ ਰੀਕਾਰਡ 2021 ’ਚ 3:00.25 ਦੇ ਸਮੇਂ ਨਾਲ ਬਣਿਆ ਸੀ।
ਭਾਰਤੀ ਖਿਡਾਰੀਆਂ ਨੇ ਵਿਸ਼ਵ ਰੀਕਾਰਡਧਾਰੀ ਅਮਰੀਕੀ ਚੌਕੜੀ ਨੂੰ ਸਖ਼ਤ ਚੁਨੌਤੀ ਦਿਤੀ ਅਤੇ ਉਸ ਦੇ ਬਹੁਤ ਨੇੜੇ ਦੂਜੇ ਸਥਾਨ ’ਤੇ ਰਹੀ। ਭਾਰਤ ਦੋ ਹੀਟ ’ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਇਸ ਤਰ੍ਹਾਂ ਉਹ ਮਜ਼ਬੂਤ ਬਰਤਾਨੀਆਂ (2:59.42) ਅਤੇ ਜਮੈਕਾ (2:59.82) ਤੋਂ ਅੱਗੇ ਰਿਹਾ ਜਿਨ੍ਹਾਂ ਨੇ ਲੜੀਵਾਰ ਤੀਜਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ।