Jay Shah ICC New Chairman : ਜੈ ਸ਼ਾਹ ਨੂੰ ਚੁਣਿਆ ਗਿਆ ICC ਦਾ ਨਵਾਂ ਚੇਅਰਮੈਨ , 1 ਦਸੰਬਰ ਨੂੰ ਸੰਭਾਲਣਗੇ ਅਹੁਦਾ
ਹੁਣ ਛੱਡਣਾ ਪਵੇਗਾ BCCI ਸਕੱਤਰ ਦਾ ਅਹੁਦਾ
Jay Shah ICC New Chairman : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਉਹ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਨਵੇਂ ਚੇਅਰਮੈਨ ਬਣ ਗਏ ਹਨ। ਜੈ ਸ਼ਾਹ ਹੁਣ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ। ਜੈ ਸ਼ਾਹ ਆਈਸੀਸੀ ਚੇਅਰਮੈਨ ਦੇ ਅਹੁਦੇ ਲਈ ਅਰਜ਼ੀ ਦੇਣ ਵਾਲੇ ਇਕਲੌਤੇ ਬਿਨੈਕਾਰ ਸਨ। ਅਜਿਹੀ ਸਥਿਤੀ ਵਿੱਚ ਚੋਣਾਂ ਨਹੀਂ ਹੋਈਆਂ ਅਤੇ ਜੈ ਸ਼ਾਹ ਬਿਨਾਂ ਮੁਕਾਬਲਾ ਚੁਣੇ ਗਏ।
ਆਈਸੀਸੀ ਨੇ ਕਿਹਾ ਕਿ ਸ਼ਾਹ ਨੂੰ ਬਿਨਾਂ ਮੁਕਾਬਲਾ ਚੇਅਰਮੈਨ ਚੁਣਿਆ ਗਿਆ ਹੈ। ਆਈਸੀਸੀ ਨੇ ਕਿਹਾ, ਸ਼ਾਹ 1 ਦਸੰਬਰ ਨੂੰ ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਉਹ ਵਰਤਮਾਨ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਹਨ। ਹੁਣ ਬੀਸੀਸੀਆਈ ਨੂੰ ਸਕੱਤਰ ਦੇ ਅਹੁਦੇ 'ਤੇ ਨਵੀਂ ਨਿਯੁਕਤੀ ਕਰਨੀ ਪਵੇਗੀ।
ਮੌਜੂਦਾ ਆਈਸੀਸੀ ਚੇਅਰਮੈਨ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋਵੇਗਾ
ਨਿਊਜ਼ੀਲੈਂਡ ਦੇ ਮੌਜੂਦਾ ਆਈਸੀਸੀ ਚੇਅਰਮੈਨ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖ਼ਤਮ ਹੋਵੇਗਾ। ਆਈਸੀਸੀ ਨੇ 20 ਅਗਸਤ ਨੂੰ ਦੱਸਿਆ ਸੀ ਕਿ ਬਾਰਕਲੇ ਲਗਾਤਾਰ ਤੀਜੀ ਵਾਰ ਚੇਅਰਮੈਨ ਨਹੀਂ ਬਣੇਗਾ। ਉਹ 2020 ਤੋਂ ਇਸ ਅਹੁਦੇ 'ਤੇ ਸਨ। ਉਹ ਨਵੰਬਰ ਵਿੱਚ ਆਪਣਾ ਅਹੁਦਾ ਛੱਡ ਦੇਣਗੇ।
ਆਈਸੀਸੀ ਚੇਅਰਮੈਨ ਦੋ-ਦੋ ਸਾਲ ਦੇ ਤਿੰਨ ਕਾਰਜਕਾਲ ਲਈ ਯੋਗ ਹੁੰਦਾ ਹੈ ਅਤੇ ਨਿਊਜ਼ੀਲੈਂਡ ਦੇ ਵਕੀਲ ਗ੍ਰੇਗ ਬਾਰਕਲੇ ਨੇ ਹੁਣ ਤੱਕ 4 ਸਾਲ ਪੂਰੇ ਕਰ ਲਏ ਹਨ। ਬਾਰਕਲੇ ਨੂੰ ਨਵੰਬਰ 2020 ਵਿੱਚ ਆਈਸੀਸੀ ਦਾ ਸੁਤੰਤਰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਹ 2022 ਵਿੱਚ ਇਸ ਅਹੁਦੇ ਲਈ ਦੁਬਾਰਾ ਚੁਣੇ ਗਏ ਸਨ।