ਭਾਰਤ-ਪਾਕਿ ਮੈਚ ਤੋਂ ਪਹਿਲਾਂ ਪਾਕਿਸਤਾਨੀ ਕਪਤਾਨ ਦਾ ਬੇਬਾਕ ਐਲਾਨ, ‘ਕਿਸੇ ਨੂੰ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਤੋਂ ਨਹੀਂ ਰੋਕਾਂਗਾ’

ਏਜੰਸੀ

ਖ਼ਬਰਾਂ, ਖੇਡਾਂ

ਕਿਹਾ, ਫਾਈਨਲ ਦੋਹਾਂ ਟੀਮਾਂ ਉਤੇ ਇਕੋ ਜਿਹਾ ਦਬਾਅ ਲਿਆਉਂਦਾ ਹੈ

ਸਲਮਾਨ ਅਲੀ ਆਗਾ

ਦੁਬਈ : ਐਤਵਾਰ ਨੂੰ ਏਸ਼ੀਆ ਕੱਪ ਦੇ ਫਾਈਨਲ ਦੀ ਤਿਆਰੀ ਕਰ ਰਹੇ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਮੈਚ ਵਿਚ ਅਪਣੀ ਟੀਮ ਦੀ ਪਹੁੰਚ ਅਤੇ ਮੈਦਾਨ ਉਤੇ ਭਾਵਨਾਵਾਂ ਜ਼ਾਹਰ ਕਰਨ ’ਤੇ ਦ੍ਰਿੜ ਇਰਾਦੇ ਵਿਖਾਏ ਹਨ।

ਪਿਛਲੇ ਮੈਚਾਂ ਵਿਚ ਹੈਰਿਸ ਰੌਫ ਦੇ ਭੜਕਾਊ ਇਸ਼ਾਰਿਆਂ ਨੇ ਬਹੁਤ ਬਹਿਸ ਛੇੜ ਦਿਤੀ ਸੀ, ਪਰ ਆਗਾ ਨੇ ਅਪਣੇ ਤੇਜ਼ ਗੇਂਦਬਾਜ਼ਾਂ ਉਤੇ ਲਗਾਮ ਲਗਾਉਣ ਤੋਂ ਇਨਕਾਰ ਕਰ ਦਿਤਾ, ਇਹ ਕਹਿੰਦੇ ਹੋਏ ਕਿ ਹਮਲਾਵਰ ਰਵੱਈਆ ਉਨ੍ਹਾਂ ਦੇ ਖੇਡ ਦਾ ਹਿੱਸਾ ਹੈ। ਆਗਾ ਨੇ ਖਿਤਾਬੀ ਮੈਚ ਦੀ ਪੂਰਵ ਸੰਧਿਆ ਉਤੇ ਜ਼ੋਰ ਦੇ ਕੇ ਕਿਹਾ, ‘‘ਹਰ ਵਿਅਕਤੀ ਨੂੰ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਅਧਿਕਾਰ ਹੈ। ਜੇ ਅਸੀਂ ਕਿਸੇ ਤੇਜ਼ ਗੇਂਦਬਾਜ਼ ਨੂੰ ਭਾਵਨਾਵਾਂ ਵਿਖਾਉਣ ਤੋਂ ਰੋਕਦੇ ਹਾਂ, ਤਾਂ ਫਿਰ ਕੀ ਬਚਦਾ ਹੈ? ਮੈਂ ਕਿਸੇ ਨੂੰ ਉਦੋਂ ਤਕ ਨਹੀਂ ਰੋਕਾਂਗਾ ਜਦੋਂ ਤਕ ਇਹ ਬੇਇੱਜ਼ਤੀ ਨਹੀਂ ਹੈ।’’

ਉਨ੍ਹਾਂ ਕਿਹਾ, ‘‘ਪਿਛਲੇ ਦੋ ਮੈਚਾਂ ਵਿਚ ਅਸੀਂ ਹਾਰ ਗਏ ਕਿਉਂਕਿ ਅਸੀਂ ਵਧੇਰੇ ਗਲਤੀਆਂ ਕੀਤੀਆਂ। ਪਰ ਫਾਈਨਲ ਦੋਹਾਂ ਟੀਮਾਂ ਉਤੇ ਇਕੋ ਜਿਹਾ ਦਬਾਅ ਲਿਆਉਂਦਾ ਹੈ। ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਭਾਰਤੀ ਮੀਡੀਆ ਕੀ ਕਹਿੰਦਾ ਹੈ। ਸਾਡੇ ਲਈ, ਇਹ ਸਿਰਫ ਮੁਢਲੀਆਂ ਗੱਲਾਂ ਨੂੰ ਸਹੀ ਕਰਨ ਬਾਰੇ ਹੈ।’’