ਭਾਰਤ ਨੇ ਨੀਦਰਲੈਂਡ ਨੂੰ 56 ਦੌੜਾਂ ਨਾਲ ਹਰਾਇਆ, ਟੀਮ ਇੰਡੀਆ 4 ਅੰਕਾਂ ਨਾਲ ਗਰੁੱਪ-2 'ਚ ਨੰਬਰ-1 'ਤੇ ਪਹੁੰਚੀ

ਏਜੰਸੀ

ਖ਼ਬਰਾਂ, ਖੇਡਾਂ

ਸੂਰਿਆ-ਕੋਹਲੀ ਦੀ 95 ਦੌੜਾਂ ਦੀ ਸਾਂਝੇਦਾਰੀ

India defeated Netherlands by 56 runs

 

ਨਵੀਂ ਦਿੱਲੀ - ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿਚ ਨੀਦਰਲੈਂਡ ਨੂੰ 56 ਦੌੜਾਂ ਨਾਲ ਹਰਾਇਆ। ਵੀਰਵਾਰ ਨੂੰ ਖੇਡੇ ਗਏ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 20 ਓਵਰਾਂ 'ਚ 2 ਵਿਕਟਾਂ 'ਤੇ 179 ਦੌੜਾਂ ਬਣਾਈਆਂ। ਵਿਰਾਟ ਨੇ 44 ਗੇਂਦਾਂ ਵਿਚ 62, ਸੂਰਿਆ ਨੇ 25 ਗੇਂਦਾਂ ਵਿਚ 51 ਅਤੇ ਰੋਹਿਤ ਨੇ 39 ਗੇਂਦਾਂ ਵਿਚ 53 ਦੌੜਾਂ ਬਣਾਈਆਂ। ਨੀਦਰਲੈਂਡ ਲਈ ਫਰੇਡ ਕਲਾਸੇਨ ਅਤੇ ਪਾਲ ਵਾਨ ਮੇਕਰਨ ਨੇ 1-1 ਵਿਕਟਾਂ ਲਈਆਂ। 

ਜਵਾਬ 'ਚ ਨੀਦਰਲੈਂਡ ਦੀ ਟੀਮ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 123 ਦੌੜਾਂ ਹੀ ਬਣਾ ਸਕੀ। ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਅਤੇ ਅਸ਼ਵਿਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਇੱਕ ਵਿਕਟ ਮੁਹੰਮਦ ਸ਼ਮੀ ਦੇ ਖਾਤੇ ਵਿਚ ਦਰਜ ਹੋਈ। ਇਸ ਜਿੱਤ ਨਾਲ ਭਾਰਤੀ ਟੀਮ ਗਰੁੱਪ-2 'ਚ 4 ਅੰਕਾਂ ਨਾਲ ਨੰਬਰ 1 'ਤੇ ਪਹੁੰਚ ਗਈ ਹੈ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਇੰਡੀਆ ਦੇ ਬੱਲੇਬਾਜ਼ ਸ਼ੁਰੂਆਤ 'ਚ ਡੱਚ ਗੇਂਦਬਾਜ਼ਾਂ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਖੁੱਲ੍ਹ ਕੇ ਨਹੀਂ ਖੇਡ ਸਕੇ। ਪਾਵਰਪਲੇ ਦੇ 6 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 38/1 ਸੀ। 10 ਓਵਰਾਂ ਤੋਂ ਬਾਅਦ ਭਾਰਤੀ ਟੀਮ 67/1 ਤੱਕ ਹੀ ਪਹੁੰਚ ਸਕੀ। ਟੀਮ ਇੰਡੀਆ ਦਾ ਸਕੋਰ 15 ਓਵਰਾਂ ਦੇ ਅੰਤ ਤੱਕ 114/2 ਸੀ। ਭਾਰਤ ਨੇ ਆਖਰੀ ਪੰਜ ਓਵਰਾਂ ਵਿਚ 65 ਦੌੜਾਂ ਬਣਾਈਆਂ।