21 ਮਾਰਚ ਤੋਂ ਸ਼ੁਰੂ ਹੋਵੇਗਾ IPL 2025, ਚੇਅਰਮੈਨ ਅਰੁਣ ਧੂਮਲ ਨੇ ਕੀਤੀ ਪੁਸ਼ਟੀ

ਏਜੰਸੀ

ਖ਼ਬਰਾਂ, ਖੇਡਾਂ

ਇਸ ਵਾਰੀ IPL ਦੇ ਨਿਯਮਾਂ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ

Arun Dhumal

ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਚੇਅਰਮੈਨ ਅਰੁਣ ਧੂਮਲ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਲੀਗ ਦਾ 2025 ਸੰਸਕਰਣ 21 ਮਾਰਚ ਨੂੰ ਸ਼ੁਰੂ ਹੋ ਜਾਵੇਗਾ। ਇਸ ’ਚ ਖੇਡਣ ਲਈ ਕੁੱਲ 182 ਖਿਡਾਰੀਆਂ ਨੂੰ ਵਿਸ਼ਾਲ ਨੀਲਾਮੀ ਦੌਰਾਨ 639.15 ਕਰੋੜ ਰੁਪਏ ’ਚ ਵੇਖਿਆ ਗਿਆ ਸੀ, ਜੋ ਕਿ ਸਾਊਦੀ ਅਰਬ ਦੇ ਜੇਦਾ ’ਚ ਪਿਛਲੇ ਸਾਲ ਨਵੰਬਰ ਦੌਰਾਨ ਹੋਈ ਸੀ। 

ਧੂਮਲ ਨੇ ਇਹ ਵੀ ਪੁਸ਼ਟੀ ਕੀਤੀ ਕਿ ਮੈਚਾਂ ਦੀਆਂ ਤਰੀਕਾਂ ਦੀ ਆਖ਼ਰੀ ਸੂਚੀ ਦਾ ਅਗਲੇ ਕੁੱਝ ਦਿਨਾਂ ਦੌਰਾਨ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਾਰੀ IPL ਦੇ ਨਿਯਮਾਂ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ IPL ਦੇ 2-3 ਮੈਚ ਧਰਮਸ਼ਾਲਾ ’ਚ ਵੀ ਹੋਣਗੇ। 

ਉਨ੍ਹਾਂ ਕਿਹਾ ਕਿ IPL ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ ਹੈ ਜਿਸ ’ਚ ਦੁਨੀਆ ਭਰ ਦੇ ਖਿਡਾਰੀ ਖੇਡਣ ਲਈ ਆਉਂਦੇ ਹਨ। ਇਸ ਟੂਰਨਾਮੈਂਟ ’ਚ ਮੁਕਾਬਲੇਬਾਜ਼ੀ ਸਿਖਰਾਂ ’ਤੇ ਹੁੰਦੀ ਹੈ ਅਤੇ ਇਸ ਵਾਰੀ ਇਹ ਹੋਰ ਵੀ ਬਿਹਤਰ ਹੋਵੇਗੀ।