ਸਮਿਥ, ਵਾਰਨਰ ਤੇ ਬੈਨਕ੍ਰਾਫਟ ਨੂੰ ਵੱਡਾ ਝਟਕਾ, ਲੜੀ ਤੋਂ ਕੀਤੇ ਬਾਹਰ
ਆਸਟ੍ਰੇਲੀਆ ਤੇ ਦਖਣੀ ਅਫ਼ਰੀਕਾ ਵਿਚਕਾਰ ਖੇਡੇ ਜਾ ਰਹੇ ਟੈਸਟ ਵਿਚ ਦੌਰਾਨ ਅਾਸਟ੍ਰੇਲੀਆਈ ਖਿਡਾਰੀ ਬੈਨਕ੍ਰਾਫਟ ਵਲੋਂ ਗੇਂਦ ਨਾਲ ਛੇੜਛਾੜ ਕੀਤੀ ਗਈ ਸੀ...
ਜੋਹਾਨਸਬਰਗ : ਆਸਟ੍ਰੇਲੀਆ ਤੇ ਦਖਣੀ ਅਫ਼ਰੀਕਾ ਵਿਚਕਾਰ ਖੇਡੇ ਜਾ ਰਹੇ ਟੈਸਟ ਵਿਚ ਦੌਰਾਨ ਅਾਸਟ੍ਰੇਲੀਆਈ ਖਿਡਾਰੀ ਬੈਨਕ੍ਰਾਫਟ ਵਲੋਂ ਗੇਂਦ ਨਾਲ ਛੇੜਛਾੜ ਕੀਤੀ ਗਈ ਸੀ ਜਿਸ ਤੋਂ ਬਾਅਦ ਕਪਤਾਨ ਸਮਿੱਥ ਤੇ ਵਾਰਨਰ ਵਲੋਂ ਕਪਤਾਨੀ ਤੇ ਉਪ ਕਪਤਾਨੀ ਛੱਡ ਦਿਤੀ ਗਈ ਸੀ। ਤੇ ਹੁਣ ਇਸ ਮਾਮਲੇ ਵਿਚ ਕ੍ਰਿਕਟ ਆਸਟਰੇਲੀਆ ਨੇ ਸਖ਼ਤ ਰੁਖ ਅਪਣਾਉਂਦਿਆਂ ਅੱਜ ਟੈਸਟ ਟੀਮ ਦੇ ਕਪਤਾਨ ਸਟੀਵ ਸਮਿਥ, ਡੇਵਿਡ ਵਾਰਨਰ ਤੇ ਕੈਮਰਨ ਬੈਨਕ੍ਰਾਫਟ ਨੂੰ ਦੋਸ਼ੀ ਬਣਾਉਂਦਿਆਂ ਦੱਖਣੀ ਅਫ਼ਰੀਕਾ ਵਿਰੁਧ ਚੌਥੇ ਟੈਸਟ ਦੀ ਟੀਮ ਤੋਂ ਬਾਹਰ ਕਰ ਦਿਤਾ ਹੈ, ਜਦਕਿ ਕੋਚ ਡੈਰੇਨ ਲੀਮੈਨ ਨੂੰ ਇਸ ਮਾਮਲੇ ਵਿਚ ਕਲੀਨ ਚਿਟ ਦਿਤੀ ਗਈ ਹੈ।
ਸੀ.ਏ.ਦੇ ਸੀ.ਈ.ਓ. ਜੇਮਸ ਸਦਰਲੈਂਡ ਨੇ ਇਨ੍ਹਾਂ ਤਿੰਨਾਂ ਖਿਡਾਰੀਆਂ ਦੇ ਇਲਾਵਾ ਬਾਕੀ ਟੀਮ ਤੇ ਕੋਚਾਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦੇ ਬਾਰੇ ਵਿਚ ਜਾਣਕਾਰੀ ਨਹੀਂ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਕੋਚ ਡੇਰੇਨ ਲੀਮੈਨ ਅਪਣੇ ਅਹੁਦੇ 'ਤੇ ਬਣੇ ਰਹਿਣਗੇ। ਸਦਰਲੈਂਡ ਨੇ ਨਾਲ ਹੀ ਦਸਿਆ ਕਿ ਇਨ੍ਹਾਂ ਤਿੰਨੇ ਕ੍ਰਿਕਟਰਾਂ ਵਿਰੁਧ ਅਗਲੇ 24 ਘੰਟੇ ਵਿਚ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਤੇ ਇਨ੍ਹਾਂ ਨੂੰ ਵਤਨ ਭੇਜਿਆ ਜਾਵੇਗਾ।
ਗਲੈਨ ਮੈਕਸਵੈੱਲ, ਮੈਥਿਊ ਰੇਨਸ਼ੋ ਤੇ ਜੋ ਬਰਨਸ ਇਨ੍ਹਾਂ ਤਿੰਨੇ ਖਿਡਾਰੀਆਂ ਦੀ ਜਗ੍ਹਾ ਟੈਸਟ ਟੀਮ ਵਿਚ ਲੈਣਗੇ, ਜਦਕਿ ਟਿਮ ਪੇਨ ਨੂੰ 30 ਮਾਰਚ ਤੋਂ ਸ਼ੁਰੂ ਹੋ ਰਹੇ ਚੌਥੇ ਟੈਸਟ ਲਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਸਦਰਲੈਂਡ ਨੇ ਇਥੇ ਖਚਾਖਚ ਭਰੀ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਇਨ੍ਹਾਂ ਤਿੰਨੇ ਕ੍ਰਿਕਟਰਾਂ ਦੇ ਮਾਮਲੇ ਵਿਚ ਮਹੱਤਵਪੂਰਨ ਸਜ਼ਾ ਸੁਣਾਉਣ ਦੀ ਸੋਚ ਰਹੇ ਹਾਂ। ਇਸ ਨਾਲ ਘਟਨਾ ਦੀ ਗੰਭੀਰਤਾ ਤੇ ਆਸਟਰੇਲੀਆਈ ਕ੍ਰਿਕਟ ਨੂੰ ਹੋਏ ਨੁਕਸਾਨ ਦਾ ਪਤਾ ਲੱਗੇਗਾ।