ਤਿਰੰਗੇ ਦੇ ਸਨਮਾਨ 'ਚ ਨੀਰਜ ਨੇ ਮਹਿਲਾ ਪ੍ਰਸ਼ੰਸਕ ਦੀ ਮੰਗ ਠੁਕਰਾਈ, ਟੀ-ਸ਼ਰਟ 'ਤੇ ਆਟੋਗ੍ਰਾਫ਼ ਦੇ ਕੇ ਜਿੱਤਿਆ ਦਿਲ 

ਏਜੰਸੀ

ਖ਼ਬਰਾਂ, ਖੇਡਾਂ

ਨੀਰਜ ਚੋਪੜਾ ਨੇ ਬੁਡਾਪੇਸਟ ਵਿਚ ਹੋਏ ਇਸ ਮੁਕਾਬਲੇ ਵਿਚ 88.17 ਮੀਟਰ ਦੀ ਸਰਵੋਤਮ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ

Neeraj Chopra Displays Class Act After Refusing Hungarian Lady For Autograph On Indian Flag

 

ਨਵੀਂ ਦਿੱਲੀ - ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਨੇ ਤਿਰੰਗੇ ਦਾ ਸਨਮਾਨ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਨੀਰਜ ਚੋਪੜਾ ਨੇ ਬੁਡਾਪੇਸਟ ਵਿਚ ਹੋਏ ਇਸ ਮੁਕਾਬਲੇ ਵਿਚ 88.17 ਮੀਟਰ ਦੀ ਸਰਵੋਤਮ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਹਨ। ਇਤਿਹਾਸਕ ਤਮਗ਼ਾ ਜਿੱਤਣ ਤੋਂ ਬਾਅਦ ਨੀਰਜ ਨੇ ਤਿਰੰਗੇ ਨਾਲ ਫੋਟੋ ਖਿਚਵਾਈ।

ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦੇ ਐਥਲੀਟ ਅਰਸ਼ਦ ਨਦੀਮ ਨੂੰ ਵੀ ਆਪਣੇ ਨਾਲ ਬੁਲਾਇਆ ਅਤੇ ਉਨ੍ਹਾਂ ਦੇ ਕੰਮ ਦੀ ਕਾਫੀ ਤਾਰੀਫ਼ ਵੀ ਕੀਤੀ ਗਈ। ਹੁਣ ਉਹ ਤਿਰੰਗੇ ਪ੍ਰਤੀ ਸਨਮਾਨ ਦਿਖਾ ਕੇ ਚਰਚਾ 'ਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੰਗਰੀ ਦੀ ਇਕ ਪ੍ਰਸ਼ੰਸਕ ਨੀਰਜ ਚੋਪੜਾ ਵੱਲੋਂ ਗੋਲਡ ਮੈਡਲ ਜਿੱਤਣ ਤੋਂ ਬਾਅਦ ਉਸ ਕੋਲ ਪਹੁੰਚੀ। ਇਹ ਫੈਨ ਬਹੁਤ ਚੰਗੀ ਹਿੰਦੀ ਬੋਲ ਰਹੀ ਸੀ ਅਤੇ ਉਸ ਨੇ ਬਹੁਤ ਹੀ ਪਿਆਰ ਨਾਲ ਨੀਰਜ ਚੋਪੜਾ ਤੋਂ ਆਟੋਗ੍ਰਾਫ਼ ਮੰਗਿਆ।

ਨੀਰਜ ਨੇ ਤੁਰੰਤ ਹਾਂ ਕੀਤੀ ਤੇ ਜਦੋਂ ਮਹਿਲਾ ਪ੍ਰਸ਼ੰਸਕ ਨੇ ਆਟੋਗ੍ਰਾਫ ਲਈ ਤਿਰੰਗਾ ਫੜਿਆ ਤਾਂ ਨੀਰਜ ਨੇ ਭਾਰਤੀ ਝੰਡੇ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਨੇ ਬਾਂਹ 'ਤੇ ਔਰਤ ਦੀ ਟੀ-ਸ਼ਰਟ ਉੱਤੇ ਆਟੋਗ੍ਰਾਫ ਦਿੱਤਾ। ਤਿਰੰਗੇ ਪ੍ਰਤੀ ਨੀਰਜ ਦੀ ਇੱਜ਼ਤ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਨੀਰਜ ਚੋਪੜਾ ਇਸ ਤੋਂ ਪਹਿਲਾਂ ਵੀ ਤਿਰੰਗੇ ਦਾ ਸਨਮਾਨ ਕਰਕੇ ਦਿਲ ਜਿੱਤ ਚੁੱਕੇ ਹਨ।

ਟੋਕੀਓ ਓਲੰਪਿਕ 'ਚ ਤਮਗ਼ਾ ਜਿੱਤਣ ਤੋਂ ਬਾਅਦ ਨੀਰਜ ਨੇ ਸਾਰੇ ਖਿਡਾਰੀਆਂ ਵਾਂਗ ਤਿਰੰਗੇ ਨਾਲ ਜਸ਼ਨ ਮਨਾਇਆ। ਹਾਲਾਂਕਿ ਜਸ਼ਨ ਮਨਾਉਣ ਤੋਂ ਬਾਅਦ ਜ਼ਿਆਦਾਤਰ ਖਿਡਾਰੀ ਆਪਣੇ ਦੇਸ਼ ਦਾ ਝੰਡਾ ਜ਼ਮੀਨ 'ਤੇ ਸੁੱਟ ਦਿੰਦੇ ਹਨ ਜਾਂ ਕੁਰਸੀ 'ਤੇ ਰੱਖ ਦਿੰਦੇ ਹਨ ਪਰ ਨੀਰਜ ਨੇ ਅਜਿਹਾ ਨਹੀਂ ਕੀਤਾ। ਜਸ਼ਨ ਤੋਂ ਬਾਅਦ ਉਨ੍ਹਾਂ ਨੇ ਤਿਰੰਗੇ ਨੂੰ ਮੋੜ ਕੇ ਪੂਰੇ ਸਨਮਾਨ ਨਾਲ ਆਪਣੇ ਬੈਗ ਵਿਚ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਤਾਰੀਫ਼ ਹੋਈ।