ਬਾਬਰ ਆਜ਼ਮ ਦੀ ਭਗਵੇ ਸਕਾਰਫ ਵਾਲੀ ਵੀਡੀਓ ਵਾਇਰਲ, ਵਿਸ਼ਵ ਕੱਪ ਵਿਚ ਹਿੱਸਾ ਲੈਣ ਲਈ ਪਹੁੰਚੇ ਸੀ ਭਾਰਤ
ਹਰ ਖਿਡਾਰੀ ਦਾ ਗਲੇ ਵਿਚ ਸ਼ਾਲ ਪਾ ਕੇ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ।
ਨਵੀਂ ਦਿੱਲੀ - ਪਾਕਿਸਤਾਨ ਦੀ ਕ੍ਰਿਕਟ ਟੀਮ ਬੁੱਧਵਾਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਭਾਰਤ ਪਹੁੰਚੀ। ਇੱਥੇ ਉਹਨਾਂ ਨੇ ਵਿਸ਼ਵ ਕੱਪ ਵਿਚ ਹਿੱਸਾ ਲੈਣਾ ਹੈ। ਪਾਕਿਸਤਾਨ ਦੀ ਟੀਮ ਨੇ 2016 ਤੋਂ ਬਾਅਦ ਪਹਿਲੀ ਵਾਰ ਭਾਰਤ ਦਾ ਦੌਰਾ ਕੀਤਾ ਹੈ। ਪਾਕਿਸਤਾਨੀ ਖਿਡਾਰੀ ਜਦੋਂ ਹੈਦਰਾਬਾਦ ਹਵਾਈ ਅੱਡੇ 'ਤੇ ਪਹੁੰਚੇ ਤਾਂ ਟੀਮ ਦੇ ਕਪਤਾਨ ਬਾਬਰ ਆਜ਼ਮ ਅਤੇ ਹੋਰ ਖਿਡਾਰੀਆਂ ਦਾ ਉਤਸ਼ਾਹੀ ਪ੍ਰਸ਼ੰਸਕਾਂ ਦੀ ਭੀੜ ਨੇ ਨਿੱਘਾ ਸਵਾਗਤ ਕੀਤਾ, ਜਿਨ੍ਹਾਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕ ਲਿਆ। ਦੂਜੇ ਪਾਸੇ ਹਰ ਖਿਡਾਰੀ ਦਾ ਗਲੇ ਵਿਚ ਸ਼ਾਲ ਪਾ ਕੇ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ।
ਦਿਲਚਸਪ ਗੱਲ ਇਹ ਹੈ ਕਿ ਬਾਬਰ ਆਜ਼ਮ ਦੁਆਰਾ ਪਹਿਨੇ ਗਏ ਸ਼ਾਲ ਦਾ ਰੰਗ ਭਗਵਾ ਸੀ। ਪਾਕਿਸਤਾਨ ਕ੍ਰਿਕੇਟ ਬੋਰਡ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿਚ ਉਹਨਾਂ ਦੇ ਗਲੇ ਵਿਚ ਭਗਵੇਂ ਰੰਗ ਦਾ ਸ਼ਾਲ ਪਹਿਨਿਆ ਹੋਇਆ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ 'ਤੇ ਟਿੱਪਣੀਆਂ ਵੀ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਬੇ ਸਮੇਂ ਤੋਂ ਕਈ ਵਿਵਾਦ ਚੱਲ ਰਹੇ ਹਨ। ਕਸ਼ਮੀਰ ਅਤੇ ਅਤਿਵਾਦੀ ਗਤੀਵਿਧੀਆਂ ਇਸ ਵਿਚ ਸਭ ਤੋਂ ਵੱਡਾ ਮੁੱਦਾ ਹੈ। ਇਹੀ ਕਾਰਨ ਹੈ ਕਿ ਭਾਰਤ ਨੇ ਪਾਕਿਸਤਾਨ ਨਾਲ ਕੋਈ ਵੀ ਦੁਵੱਲੀ ਸੀਰੀਜ਼ ਖੇਡਣੀ ਬੰਦ ਕਰ ਦਿੱਤੀ ਹੈ।
ਖੈਰ, ਪਾਕਿਸਤਾਨ ਦੇ ਖਿਡਾਰੀਆਂ ਦਾ ਭਾਰਤ ਵਿਚ ਸ਼ਾਨਦਾਰ ਸਵਾਗਤ ਹੋਇਆ ਅਤੇ ਖਿਡਾਰੀਆਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟਸ 'ਤੇ ਇਸ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ। ਟੀਮ ਦੇ ਕਪਤਾਨ ਬਾਬਰ ਆਜ਼ਮ, ਸਟਾਰ ਗੇਂਦਬਾਜ਼ ਸ਼ਾਹੀਨ ਅਫਰੀਦੀ ਅਤੇ ਵਿਕਟਕੀਪਰ-ਬੱਲੇਬਾਜ਼ ਮੁਹੰਮਦ ਰਿਜ਼ਵਾਨ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਭਾਰਤੀ ਅਧਿਕਾਰੀਆਂ ਦੇ ਨਾਲ-ਨਾਲ ਉਹਨਾਂ ਦਾ ਧੰਨਵਾਦ ਕੀਤਾ। ਰਿਜ਼ਵਾਨ ਨੇ X.com 'ਤੇ ਲਿਖਿਆ - ਸ਼ਾਨਦਾਰ ਸਵਾਗਤ ਹੈ। ਸਭ ਕੁਝ ਬਹੁਤ ਹੀ ਨਿਰਵਿਘਨ ਸੀ। ਅਗਲੇ 1.5 ਮਹੀਨਿਆਂ ਦੀ ਉਡੀਕ ਕਰ ਰਹੇ ਹਾਂ।