ਸਿੱਖੀ ਸਰੂਪ ਨੂੰ ਸਾਬਤ ਰੱਖਦੇ ਹੋਏ ਨੀਦਰਲੈਂਡਜ਼ ਦੀ ਕ੍ਰਿਕੇਟ ਟੀਮ 'ਚ ਆਪਣੀ ਜਗ੍ਹਾ ਬਣਾਉਣ ਵਾਲਾ ਕ੍ਰਿਕਟਰ ਵਿਕਰਮਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਿਰਫ਼ 19 ਸਾਲਾਂ ਦੀ ਉਮਰ 'ਚ ਨੀਦਰਲੈਂਡਜ਼ ਵਰਗੇ ਮੁਲਕ ਦੀ ਟੀਮ 'ਚ ਸ਼ਾਮਲ ਹੋਣ ਤੱਕ ਦਾ ਸਫ਼ਰ, ਆਪਣੇ ਆਪ 'ਚ ਇੱਕ ਬਹੁਤ ਵੱਡੀ ਪ੍ਰਾਪਤੀ ਵੀ ਹੈ, ਅਤੇ ਪ੍ਰੇਰਨਾ ਵੀ। 

Dutch cricketer Vikramjit Singh

 

ਇਸ ਗੀਤ ਦੀਆਂ ਸਤਰਾਂ ਸੈਂਕੜੇ ਪੰਜਾਬੀ ਪੁੱਤਾਂ 'ਤੇ ਢੁਕਵੀਆਂ ਬੈਠਦੀਆਂ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਦੇਸ਼ ਤੇ ਦੁਨੀਆ 'ਚ ਕਾਮਯਾਬੀਆਂ ਦੇ ਝੰਡੇ ਗੱਡੇ ਹਨ। ਅਜਿਹਾ ਹੀ ਇੱਕ ਨਾਂਅ ਹੈ ਵਿਕਰਮਜੀਤ ਸਿੰਘ, ਜਿਸ ਨੇ ਆਪਣੇ ਸਿੱਖੀ ਸਰੂਪ ਨੂੰ ਸਾਬਤ ਰੱਖਦੇ ਹੋਏ ਸੱਤ ਸਮੁੰਦਰ ਪਾਰ ਨੀਦਰਲੈਂਡਜ਼ ਦੀ ਕ੍ਰਿਕੇਟ ਟੀਮ 'ਚ ਆਪਣੀ ਜਗ੍ਹਾ ਬਣਾਈ। 

ਵਿਕਰਮਜੀਤ ਦਾ ਪਿਛੋਕੜ ਜੁੜਿਆ ਹੈ ਦੁਆਬੇ 'ਚ ਜਲੰਧਰ ਨੇੜੇ ਪੈਂਦੇ ਪਿੰਡ ਚੀਮਾ ਖੁਰਦ ਨਾਲ, ਜਿੱਥੋਂ ਉਸ ਦੇ ਦਾਦਾ ਖੁਸ਼ੀ ਚੀਮਾ 80ਵਿਆਂ ਦੇ ਦੌਰਾਨ ਪੰਜਾਬ 'ਚ ਪਸਰੇ ਕਾਲ਼ੇ ਦੌਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਨੀਦਰਲੈਂਡਜ਼ ਵਿਖੇ ਜਾ ਪਹੁੰਚੇ ਸੀ। ਵਿਕਰਮ ਦੇ ਦਾਦਾ ਜੀ ਨੇ ਸ਼ੁਰੂਆਤ ਟੈਕਸੀ ਚਲਾਉਣ ਤੋਂ ਕੀਤੀ, ਅਤੇ ਅੱਜ ਉਹ ਖ਼ੁਦ ਇੱਕ ਟਰਾਂਸਪੋਰਟ ਕੰਪਨੀ ਦੇ ਮਾਲਕ ਹਨ।  

ਜਦੋਂ ਸ਼ੁਰੂਆਤ 'ਚ ਵਿਕਰਮ ਦਾ ਪਰਿਵਾਰ ਨੀਦਰਲੈਂਡਜ਼ ਵਿਖੇ ਪਹੁੰਚਿਆ ਤਾਂ ਉਸ ਦੇ ਪਿਤਾ ਹਰਪ੍ਰੀਤ ਸਿੰਘ ਦੀ ਉਮਰ ਉਸ ਵੇਲੇ 5 ਸਾਲਾਂ ਦੀ ਸੀ। ਵੱਖਰਾ ਮੁਲਕ, ਵੱਖਰੇ ਲੋਕ, ਵੱਖਰੀ ਬੋਲੀ, ਪਰ ਪਰਿਵਾਰ ਆਪਣੀਆਂ ਜੜ੍ਹਾਂ, ਆਪਣੇ ਪਿੰਡ, ਆਪਣੇ ਪੰਜਾਬ ਨਾਲ ਸਦਾ ਜੁੜਿਆ ਰਿਹਾ। 

ਪਿਤਾ ਹਰਪ੍ਰੀਤ ਸਿੰਘ ਵਾਂਗ ਵਿਕਰਮ ਦਾ ਜਨਮ ਵੀ ਪਿੰਡ ਚੀਮਾ ਖੁਰਦ ਵਿਖੇ ਹੋਇਆ। ਆਪਣੀ ਜ਼ਿੰਦਗੀ ਦੇ ਪਹਿਲੇ 7 ਸਾਲ ਵਿਕਰਮ ਨੇ ਆਪਣੇ ਪਿੰਡ ਵਿੱਚ ਹੀ ਗ਼ੁਜ਼ਾਰੇ। ਵਿਕਰਮ ਅੰਦਰਲੇ ਕ੍ਰਿਕੇਟਰ ਨੂੰ ਪੀਟਰ ਬੌਰੇਨ ਨੇ ਪਛਾਣਿਆ, ਜਦੋਂ ਵਿਕਰਮ ਨੇ ਅੰਡਰ-12 ਦੇ ਇੱਕ ਟੂਰਨਾਮੈਂਟ 'ਚ ਆਪਣਾ ਖੇਡ ਹੁਨਰ ਦਿਖਾਇਆ। ਇਸ ਹੁਨਰ ਸਦਕਾ ਹੀ ਸਿਰਫ਼ ਦੋ ਸਾਲਾਂ ਬਾਅਦ ਵਿਕਰਮ ਸੀਨੀਅਰ ਟੀਮ 'ਚ ਸ਼ਾਮਲ ਹੋ ਗਿਆ। 

ਨੀਦਰਲੈਂਡਜ਼ ਉਨ੍ਹਾਂ ਮੁਲਕਾਂ 'ਚ ਸ਼ਾਮਲ ਹੈ ਜਿੱਥੇ ਕ੍ਰਿਕੇਟ ਤੋਂ ਵੱਧ ਫ਼ੁੱਟਬਾਲ ਨੂੰ ਮਹੱਤਵ ਦਿੱਤਾ ਜਾਂਦਾ ਹੈ, ਅਤੇ ਆਪਣੇ ਕ੍ਰਿਕੇਟ ਦੇ ਹੁਨਰ ਨੂੰ ਨਿਖਾਰਨ ਦੇ ਮਕਸਦ ਨਾਲ 2021 'ਚ ਵਿਕਰਮ ਵਾਪਸ ਜਲੰਧਰ ਪਹੁੰਚਿਆ, ਤੇ ਤਰੁਵਰ ਕੋਹਲੀ ਦੀ ਅਕੈਡਮੀ 'ਚ ਪਸੀਨਾ ਵਹਾਉਣਾ ਸ਼ੁਰੂ ਕੀਤਾ। ਪੰਜਾਬ ਦੇ ਇੱਕ ਪਿੰਡ 'ਚ ਖੇਡ ਕੇ, ਸਿਰਫ਼ 19 ਸਾਲਾਂ ਦੀ ਉਮਰ 'ਚ ਨੀਦਰਲੈਂਡਜ਼ ਵਰਗੇ ਮੁਲਕ ਦੀ ਟੀਮ 'ਚ ਸ਼ਾਮਲ ਹੋਣ ਤੱਕ ਦਾ ਸਫ਼ਰ, ਆਪਣੇ ਆਪ 'ਚ ਇੱਕ ਬਹੁਤ ਵੱਡੀ ਪ੍ਰਾਪਤੀ ਵੀ ਹੈ, ਅਤੇ ਪ੍ਰੇਰਨਾ ਵੀ। 

ਭਾਰਤ ਬਨਾਮ ਨੀਦਰਲੈਂਡਜ਼ ਦੇ ਟੀ20 ਵਿਸ਼ਵ ਕੱਪ ਮੈਚ 'ਚ ਦੁਨੀਆ ਭਰ ਦੇ ਕ੍ਰਿਕੇਟ ਪ੍ਰੇਮੀਆਂ ਦੀਆਂ ਨਜ਼ਰਾਂ ਵਿਕਰਮ 'ਤੇ ਰਹਿਣਗੀਆਂ। ਖੇਡ ਜਜ਼ਬਾ ਸਭ ਤੋਂ ਵੱਧ ਮਹੱਤਵ ਰੱਖਦਾ ਹੈ, ਅਤੇ ਟੀਮ ਕੋਈ ਵੀ ਹੋਵੇ, ਆਪਣਾ ਸਰਬੋਤਮ ਖੇਡ ਪ੍ਰਦਰਸ਼ਨ ਦਿਖਾਉਣਾ ਹੀ ਹਰ ਖਿਡਾਰੀ ਦਾ ਧਰਮ ਹੈ।  ਕ੍ਰਿਕੇਟ ਜਗਤ 'ਚ ਵੱਡੀਆਂ ਪ੍ਰਾਪਤੀਆਂ ਸਰ ਕਰਨ ਲਈ ਪੰਜਾਬ ਦੇ ਪੁੱਤਰ ਵਿਕਰਮਜੀਤ ਸਿੰਘ ਨੂੰ ਬਹੁਤ ਸ਼ੁਭਕਾਮਨਾਵਾਂ।