ਮਾੜੇ ਅਨਸਰਾਂ ਖ਼ਿਲਾਫ਼ ਪਟਿਆਲਾ ਪੁਲਿਸ ਦੀ ਕਾਰਵਾਈ, ਹਥਿਆਰਾਂ ਸਮੇਤ 4 ਨਾਮੀ ਗੈਂਸਟਰ ਗ੍ਰਿਫ਼ਤਾਰ
ਦੋ 315 ਬੋਰ ਤੇ ਚਾਰ 32 ਬੋਰ ਪਿਸਟਲ ਸਮੇਤ 26 ਰੌਂਦ ਅਤੇ ਇੱਕ ਕਾਰ ਕੀਤੀ ਬਰਾਮਦ
ਦੋ ਵੱਖ-ਵੱਖ ਮਾਮਲਿਆਂ 'ਚ 6 ਪਿਸਤੌਲਾਂ ਸਮੇਤ 4 ਮੁਲਜ਼ਮ ਗ੍ਰਿਫ਼ਤਾਰ
ਪਟਿਆਲਾ : ਪੰਜਾਬ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਦੋ ਵੱਖ-ਵੱਖ ਮਾਮਲਿਆਂ ਵਿਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 6 ਪਿਸਤੌਲ ਵੀ ਬਰਾਮਦ ਹੋਏ ਹਨ। ਆਈ.ਪੀ.ਐਸ. ਵਰੁਨ ਸ਼ਰਮਾ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਖ਼ਿਲਾਫ਼ ਖਾਸ ਮੁਹਿੰਮ ਚਲਾਈ ਜਾ ਰਹੀ ਹੈ।
ਜਿਸ ਦੇ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 6 ਪਿਸਟਲ ਬਰਾਮਦ ਕੀਤੇ ਗਏ ਹਨ।ਇਸ ਸਪੈਸ਼ਲ ਅਪ੍ਰੇਸ਼ਨ ਦੌਰਾਨ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸੁਖਅੰਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਅਗਵਾਈ ਹੇਠ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 04 ਪਿਸਟਲ 32 ਬੋਰ ਸਮੇਤ 20 ਰੌਂਦ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਇਕ ਵੱਖਰੇ ਕੇਸ ਵਿੱਚ 02 ਹੋਰ ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 2 ਪਿਸਟਲ 315 ਬੋਰ ਬਰਾਮਦ ਕੀਤੇ ਗਏ।
ਅੱਗੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਗੁਪਤ ਸੂਚਨਾਂ ਦੇ ਅਧਾਰ 'ਤੇ ਮਿਤੀ 26 ਨਵੰਬਰ ਨੂੰ ਟੀ-ਪੁਆਇੰਟ ਲਚਕਾਣੀ ਬੱਸ ਅੱਡਾ ਭਾਦਸੋਂ ਪਟਿਆਲਾ ਰੋਡ ਤੋਂ ਸਕੋਡਾ ਕਾਰ ਨੰਬਰੀ PBI | DA-2722 ਵਿੱਚ ਸਵਾਰ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਚਪਰਾੜ੍ਹ ਥਾਣਾ ਜੁਲਕਾ ਅਤੇ ਗੁਰਵਿੰਦਰ ਸਿੰਘ ਉਰਫ ਸੁੰਦਰ ਪੁੱਤਰ ਦਰਸਨ ਰਾਮ ਵਾਸੀ ਪਿੰਡ ਪਸਿਆਣਾ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 04 ਪਿਸਟਲ 32 ਬੋਰ ਸਮੇਤ 20 ਰੌਂਦ ਬਰਾਮਦ ਕੀਤੇ ਗਏ। ਉਕਤ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਬਖਸ਼ੀਵਾਲਾ 'ਚ ਮਾਮਲਾ ਦਰਜ ਦਰਜ ਕੀਤਾ ਗਿਆ।
ਅਪਰਾਧਿਕ ਪਿਛੋਕੜ ਗੈਂਗ ਤੇ ਹੋਰ ਜਾਣਕਾਰੀ :-
ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਅਤੇ ਗੁਰਵਿੰਦਰ ਸਿੰਘ ਉਰਫ ਗੁੰਦਰ ਇਹ ਦੋਵੇਂ ਕੰਵਰ ਰਣਦੀਪ ਸਿੰਘ ਉਰਫ ਐਸ.ਕੇ.ਖਰੋੜ ਦੇ ਐਂਟੀ ਗਰੁੱਪ ਦੇ ਮੁੱਖ ਸਰਗਣੇ ਹਨ। ਕੰਵਰ ਰਣਦੀਪ ਸਿੰਘ ਉਰਫ ਐਸ.ਕੇ ਖਰੋੜ, ਹਰਵਿੰਦਰ ਸਿੰਘ ਰਿੰਦਾ ਦਾ ਕੇਸਵਾਲ ਰਿਹਾ ਹੈ। ਇਸ ਗਿਰੋਹ ਦੇ ਮੈਂਬਰਾ ਨੂੰ ਵੀ ਅਸਲੇ ਸਮੇਤ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਇੰਨ੍ਹਾਂ ਦੋਵੇਂ ਅਪਰਾਧਿਕ ਗਰੁੱਪਾ ਵਿਚਕਾਰ ਕਤਲ, ਇਰਾਦਾ ਕਤਲ ਆਦਿ ਦੇ ਜ਼ਿਲ੍ਹਾ ਪਟਿਆਲਾ ਦੇ ਵੱਖ-2 ਥਾਣਿਆਂ ਵਿੱਚ 9 ਮੁਕੱਦਮੇ ਦਰਜ ਹਨ। ਗੁਰਵਿੰਦਰ ਸਿੰਘ ਸਿੰਘ ਗੁੰਦਰ ਥਾਣਾ ਅਰਬਨ ਅਸਟੇਟ ਦੇ ਮੁਨੰ:142/2021 ਦੇ ਕਰਾਸ ਮੁਕੱਦਮੇ ਵਿੱਚ ਲੋੜੀਂਦਾ ਭਗੌੜਾ ਚੱਲਿਆ ਆ ਰਿਹਾ ਸੀ, ਜਿਸ ਵਿੱਚ ਇੰਨ੍ਹਾਂ ਦੋਵਾਂ ਧਿਰਾਂ ਦੀ ਜੁਲਾਈ-2022 ਵਿੱਚ ਫਾਇਰਿੰਗ ਹੋਈ ਸੀ।
ਪਿਛਲੇ ਕਰੀਬ 4 ਸਾਲਾਂ ਤੋਂ ਆਪਸੀ ਗੈਂਗਵਾਰ ਵਿੱਚ ਕਤਲ, ਇਰਾਦਾ ਕਤਲ ਅਤੇ ਗੰਭੀਰ ਜੁਰਮਾਂ ਤਹਿਤ ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ, ਜਿੰਨ੍ਹਾਂ ਦੀ ਗੈਂਗਵਾਰ ਦੇ ਚਲਦੇ ਹੀ ਸਾਲ 2020 ਵਿੱਚ ਸ਼ਮਸ਼ੇਰ ਸਿੰਘ ਸ਼ੇਰਾ ਦਾ ਕਤਲ ਅਤੇ ਸਾਲ 2022 ਵਿਚ ਸਰਪੰਚ ਤਾਰਾ ਦੱਤ ਦਾ ਕਤਲ ਵੀ ਸ਼ਾਮਲ ਹੈ। ਦੋਸ਼ੀ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਹੁਣ ਹਰਿਆਣੇ ਦੇ ਗੇਂਗਾ ਨਾਲ ਨੇੜਤਾ ਵਧਾ ਰਿਹਾ ਸੀ। ਜਿਸ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਸਬੰਧ ਹਰਿਆਣਾ ਦੇ ਨਾਮੀ ਗੈਂਗਸਟਰ ਅੰਮ੍ਰਿਤ ਗੁੱਜਰ ਨਾਲ ਹਨ। ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਦੇ ਖ਼ਿਲਾਫ਼ ਜਿਲ੍ਹਾ ਪਟਿਆਲਾ ਅਤੇ ਜ਼ਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਇਰਾਦਾ ਕਤਲ ਆਦਿ ਦੇ ਮੁਕੱਦਮੇ ਦਰਜ ਹਨ।
ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਇਕ ਹੋਰ ਮੁਕੱਦਮਾ ਨੰਬਰ 107 ਮਿਤੀ 26.11.2022 ਅ/ਧ 25/54/59 ਅਸਲਾ ਐਕਟ ਥਾਣਾ ਸਨੌਰ ਵਿੱਚ ਦੋਸ਼ੀ ਸ਼ਮਸ਼ਾਦ ਅਲੀ ਉਰਫ ਬਾਦ ਪੁੱਤਰ ਨੂਰ ਮੁਹੰਮਦ ਵਾਸੀ ਪਿੰਡ ਝਿੰਜਰਾ ਥਾਣਾ ਮੂਲੇਪੁਰ ਜਿਲ੍ਹਾ ਫਤਿਹਗੜ ਸਾਹਿਬ ਅਤੇ ਅਮਨ ਅਲੀ ਪੁੱਤਰ ਅਸ਼ਰਫ ਅਲੀ ਵਾਸੀ ਗਲੀ ਨੰਬਰ 09 ਆਦਰਸ਼ ਕਲੋਨੀ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਿਤੀ 26.11.2022 ਨੂੰ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਤੋਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 2 ਪਿਸਟਲ 315 ਬੋਰ ਸਮੇਤ 6 ਰੌਂਦ ਬਰਾਮਦ ਕੀਤੇ ਗਏ ਹਨ।
ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਅਪਰਾਧਿਕ ਅਨਸਰਾਂ ਦੇ ਖ਼ਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਲਈ ਵਚਨਵੱਧ ਹੈ। ਉਪਰੋਕਤ ਕੇਸਾਂ ਵਿੱਚ ਗ੍ਰਿਫ਼ਤਾਰ ਹੋਏ ਮੁਲਜ਼ਮਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਹੈ ਜੋ ਕਿ ਪੁਲਿਸ ਰਿਮਾਂਡ 'ਤੇ ਹਨ। ਇਨ੍ਹਾਂ ਕੋਲੋਂ ਬਰਾਮਦ ਹੋਏ ਹਥਿਆਰਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।