ਆਈਪੀਐਲ 'ਚ ਦਿੱਲੀ ਅਤੇ ਬੈਂਗਲੌਰ ਦੇ ਮੈਚਾਂ ਦਾ ਬਦਲਿਆ ਸਮਾਂ
12 ਮਈ ਨੂੰ ਕਰਨਾਟਕ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਦੇ ਕਾਰਨ ਇੰਡੀਅਨ ਪਰੀਮਿਅਰ ਲੀਗ 'ਚ ਰਾਇਲ ਚੈਲੇਂਜਰਸ ਬੈਂਗਲੌਰ ਦੇ ਦਿੱਲੀ ਡੇਅਰਡੇਵਿਲ...
ਨਵੀਂ ਦਿੱਲੀ : 12 ਮਈ ਨੂੰ ਕਰਨਾਟਕ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਦੇ ਕਾਰਨ ਇੰਡੀਅਨ ਪਰੀਮਿਅਰ ਲੀਗ 'ਚ ਰਾਇਲ ਚੈਲੇਂਜਰਸ ਬੈਂਗਲੌਰ ਦੇ ਦਿੱਲੀ ਡੇਅਰਡੇਵਿਲ ਵਿਰੁਧ ਹੋਣ ਵਾਲੇ ਘਰੇਲੂ ਮੁਕਾਬਲਿਆਂ ਦੀ ਤਰੀਕ 'ਚ ਬਦਲਾਅ ਕੀਤਾ ਗਿਆ ਹੈ। ਦੋਹੇ ਟੀਮਾਂ ਵਿਚਾਲੇ 12 ਮਈ ਨੂੰ ਚਿੰਨਾਸਵਾਮੀ ਸਟੇਡੀਅਮ 'ਚ ਮੈਚ ਖੇਡਿਆ ਜਾਣਾ ਸੀ, ਪਰ ਹੁਣ ਇਹ ਮੁਕਾਬਲਾ ਦਿੱਲੀ 'ਚ ਹੋਵੇਗਾ। ਬੈਂਗਲੌਰ ਹੁਣ ਅਪਣਾ ਘਰੇਲੂ ਮੈਚ ਦਿੱਲੀ ਟੀਮ ਦੇ ਵਿਰੁਧ 21 ਅਪ੍ਰੈਲ ਨੂੰ ਖੇਡੇਗਾ। ਬੋਰਡ ਨੇ ਕਿਹਾ ਕਿ ਦਿੱਲੀ ਅਤੇ ਬੈਂਗਲੌਰ ਵਿਚਾਲੇ 12 ਮਈ ਨੂੰ ਬੈਂਗਲੋਰ ਖੇਡਿਆ ਜਾਣ ਵਾਲਾ 45ਵਾਂ ਮੈਚ ਹੁਣ ਇਸੇ ਤਰੀਕ ਨੂੰ ਦਿੱਲੀ ਖੇਡਿਆ ਜਾਵੇਗਾ। ਦਿੱਲੀ ਦੀ ਟੀਮ ਨੇ ਇਸ ਦੇ ਲਈ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ ਹੈ। ਇਸ ਦੇ ਨਾਲ ਹੀ ਟਿਕਟ ਲੈ ਚੁਕੇ ਪ੍ਰਸ਼ੰਸਕਾਂ ਨੂੰ ਅਗਲੇ ਮੈਚ ਦੀ ਪੇਸ਼ਕਸ਼ ਕੀਤੀ ਹੈ। ਮੈਚ ਨਾ ਦੇਖਣ ਵਾਲੇ ਪ੍ਰਸ਼ੰਸਕਾਂ ਨੂੰ ਰਿਫੰਡ ਦੀ ਪੇਸ਼ਕਸ਼ ਵੀ ਕੀਤੀ ਹੈ।
ਇਸ ਤੋਂ ਪਹਿਲਾਂ ਆਈ.ਪੀ.ਐਲ. ਦੀ ਫ੍ਰੈਂਚਾਈਜ਼ੀ ਕਿੰਗਸ ਇਲੈਵਨ ਪੰਜਾਬ ਨੇ 11ਵੇਂ ਸੀਜ਼ਨ ਲਈ ਅਪਣੇ ਪ੍ਰੋਗਰਾਮ 'ਚ ਬਦਲਾਅ ਦੀ ਘੋਸ਼ਣਾ ਕੀਤੀ ਸੀ। ਬਦਲੇ ਹੋਏ ਪ੍ਰੋਗਰਾਮ ਦੇ ਮੁਤਾਬਕ ਉਸ ਦੇ ਲੀਗ ਦੇ ਪਹਿਲੇ ਤਿਨ ਮੈਚ ਮੋਹਾਲੀ 'ਚ ਖੇਡੇ ਜਾਣਗੇ ਅਤੇ ਇਸ ਦੇ ਬਾਕੀ ਦੇ ਚਾਰ ਮੈਚ ਉਹ ਇੰਦੋਰ 'ਚ ਖੇਡੇਗੀ। ਬਦਲਾਅ ਕਰਨ ਤੋਂ ਪਹਿਲਾਂ ਪਹਿਲੇ ਤਿਨ ਮੈਚ ਇੰਦੌਰ ਅਤੇ ਬਾਕੀ ਦੇ ਚਾਰ ਮੈਚ ਮੌਹਾਲੀ 'ਚ ਖੇਡੇ ਜਾਣੇ ਸੀ। ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤੀਸ਼ ਮੇਨਨ ਨੇ ਕਿਹਾ, ਬਦਕਿਸਮਤੀ ਨਾਲ ਸਾਨੂੰ ਕਾਫੀ ਦੇਰ ਬਾਅਦ ਬਦਲਾਅ ਕਰਨਾ ਪੈ ਰਿਹਾ ਹੈ। ਹਾਲਾਂਕਿ ਅਣਚਾਹੇਂ ਹਾਲਾਤਾਂ ਬਾਅਦ ਵੀ ਅਸੀਂ ਮੋਹਾਲੀ ਲੀਗ ਦੀ ਸ਼ੁਰੂਆਤ ਕਰਨ ਨੂੰ ਲੈ ਕੇ ਕਾਫੀ ਖ਼ੁਸ਼ ਹਾਂ। ਕਿਉਂਕਿ ਆਖ਼ਰ 'ਚ ਦੋਵੇਂ ਸਾਡੇ ਘਰ ਹਨ।
ਬਦਲਾਵਾਂ ਦੇ ਕਾਰਨ ਮੋਹਾਲੀ ਦਾ ਆਈ.ਐਸ. ਬਿੰਦਰਾ ਸਟੇਡੀਅਮ ਪੰਜਾਬ ਦੇ ਪਹਿਲੇ ਮੈਚ ਦੀ ਮੇਜ਼ਬਾਨੀ 8 ਅਪ੍ਰੈਲ ਨੂੰ ਕਰੇਗਾ। ਇਸ ਤੋਂ ਪਹਿਲਾਂ ਇਹ ਮੈਚ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਖੇਡਿਆ ਜਾਣਾ ਸੀ। ਇਸ ਤੋਂ ਬਾਅਦ ਮੋਹਾਲੀ 15 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਸ ਦੇ ਵਿਰੁਧ ਹੋਣ ਵਾਲੇ ਮੈਚ ਦੀ ਮੇਜ਼ਬਾਨੀ ਕਰੇਗਾ ਅਤੇ ਫਿਰ ਸਨਰਾਈਜ਼ਰਸ ਹੈਦਰਾਬਾਦ ਦੀ ਮੇਜ਼ਬਾਨੀ 19 ਅਪ੍ਰੈਲ ਨੂੰ ਕਰੇਗਾ।