IPL 2019: ਮੁੰਬਈ ਨੇ ਦਰਜ ਕੀਤੀ ਪਹਿਲੀ ਜਿੱਤ, ਬੰਗਲੁਰੂ ਨੂੰ 6 ਦੌੜਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਪੀਐਲ ਦੇ 12ਵੇਂ ਅਡੀਸ਼ਨ ਦਾ 7ਵਾਂ ਮੁਕਾਬਲਾ ਰੌਇਲ ਚੈਲੇਂਜਰਜ਼ ਬੰਗਲੁਰੂ ਤੇ ਮੁੰਬਈ ਇੰਡੀਅਨ ਵਿਚਾਲੇ ਬੰਗਲੁਰੂ ਦੇ ਚਿੰਨਾਸਵਾਮੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਗਿਆ

IPL 2019, RCB vs MI

IPL 2019: ਆਈਪੀਐਲ ਦੇ 12ਵੇਂ ਅਡੀਸ਼ਨ ਦਾ 7ਵਾਂ ਮੁਕਾਬਲਾ ਰੌਇਲ ਚੈਲੇਂਜਰਜ਼ ਬੰਗਲੁਰੂ ਤੇ ਮੁੰਬਈ ਇੰਡੀਅਨ ਵਿਚਾਲੇ ਬੰਗਲੁਰੂ ਦੇ ਚਿੰਨਾਸਵਾਮੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਗਿਆ। ਜਿਸ ਵਿਚ ਮੁੰਬਈ ਨੇ 6 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ।

ਮੁੰਬਈ ਨੇ ਨਿਰਧਾਰਤ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ਤੇ 187 ਦੌੜਾਂ ਬਣਾ ਕੇ ਬੰਗਲੁਰੂ ਨੂੰ ਜਿੱਤ ਲਈ 188 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ਵਿਚ ਬੰਗਲੁਰੂ 5 ਵਿਕਟਾਂ ਦੇ ਨੁਕਸਾਨ ’ਤੇ 185 ਦੌੜਾਂ ਬਣਾ ਸਕਿਆ। ਟੀਚੇ ਦਾ ਪਿੱਛਾ ਕਰਨ ਮੈਦਾਨ ’ਚ ਬੰਗਲੁਰੂ ਵੱਲੋਂ ਪਾਰਥਿਵ ਪਟੇਲ ਤੇ ਮੋਈਨ ਅਲੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ।

ਪਾਰਥਿਵ ਨੇ 22 ਗੇਂਦਾਂ ’ਚ 31 ਦੌੜਾਂ ਬਣਾਈਆਂ ਜਦਕਿ ਮੋਈਨ ਅਲੀ 7 ਗੇਂਦਾਂ ’ਚ 13 ਦੌੜਾਂ ਬਣਾ ਸਕਿਆ। ਬੰਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰੀ ਖੇਡਦਿਆਂ 32 ਗੇਂਦਾਂ ’ਚ 6 ਚੌਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਇਸ ਤੋਂ ਬਾਅਦ ਏਬੀ ਡੀਵਿਲੀਅਰਜ਼ ਨੇ ਪਾਰੀ ਸਾਂਭੀ ਤੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ। ਉਸ ਨੇ 41 ਗੇਂਦਾਂ ’ਚ 6 ਛੱਕਿਆਂ ਤੇ 4 ਚੌਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ।

ਯੁਜ਼ਵੇਂਦਰ ਚਾਹਲ ਦੀ ਫ਼ਿਰਕੀ ਗੇਂਦਬਾਜ਼ੀ ਵਿਚ ਉਲਝਣ ਦੇ ਬਾਵਜੂਦ ਮੁੰਬਈ ਇੰਡੀਅਨਜ਼ ਨੇ ਅੱਠ ਵਿਕਟਾਂ ਪਿੱਛੇ 187 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਚਾਹਲ ਨੇ ਅੱਠ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਮੇਸ਼ ਯਾਦਵ (26 ਦੌੜਾਂ ਦੇ ਕੇ ਦੋ) ਅਤੇ ਮੁਹੰਮਦ ਸਿਰਾਜ (38 ਦੌੜਾਂ ਦੇ ਕੇ ਦੋ) ਦੋ-ਦੋ ਵਿਕਟਾਂ ਲੈ ਕੇ ਉਸ ਦਾ ਚੰਗਾ ਸਾਥ ਦਿੱਤਾ। ਹਾਲਾਂਕਿ ਲਗਾਤਾਰ ਝਟਕੇ ਲੱਗਣ ਦੇ ਬਾਵਜੂਦ ਮੁੰਬਈ ਚੰਗੇ ਸਕੋਰ ਤੱਕ ਪਹੁੰਚਣ ਵਿਚ ਸਫ਼ਲ ਰਿਹਾ।

ਕਪਤਾਨ ਰੋਹਿਤ ਸ਼ਰਮਾ (33 ਗੇਂਦਾਂ ’ਤੇ 48 ਦੌੜਾਂ) ਨੇ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ। ਸੂਰਿਆ ਕੁਮਾਰ ਯਾਦਵ ਨੇ 38 ਦੌੜਾਂ ਅਤੇ ਯੁਵਰਾਜ ਸਿੰਘ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਰੋਹਿਤ ਨੇ ਟੀਮ ਦੀ ਚੰਗੀ ਸ਼ੁਰੂਆਤ ਕੀਤੀ, ਪਰ ਉਹ ਵੱਡੀ ਪਾਰੀ ਨਹੀਂ ਖੇਡ ਸਕਿਆ। ਮੁੰਬਈ ਨੇ ਕਵਿੰਟਨ ਡਿਕਾਕ (23 ਦੌੜਾਂ) ਵਜੋਂ ਪਹਿਲੀ ਵਿਕਟ ਗੁਆਈ, ਜਿਸ ਨੂੰ ਚਾਹਲ ਨੇ ਬੋਲਡ ਕੀਤਾ।

ਮੁੰਬਈ ਦਾ ਇੱਕ ਸਮੇਂ ਸਕੋਰ 15 ਓਵਰਾਂ ਮਗਰੋਂ ਤਿੰਨ ਵਿਕਟਾਂ ਪਿੱਛੇ 139 ਸੀ, ਪਰ ਅਗਲੇ ਦੋ ਓਵਰਾਂ ਵਿਚ ਸਿਰਫ਼ ਅੱਠ ਦੌੜਾਂ ਹੀ ਬਣੀਆਂ ਅਤੇ ਇਸ ਦੌਰਾਨ ਤਿੰਨ ਬੱਲੇਬਾਜ਼ ਆਊਟ ਹੋਏ। ਹਾਲਾਂਕਿ ਵਿਕਟਾਂ ਡਿੱਗਣ ਦੇ ਬਾਵਜੂਦ ਹਾਰਦਿਕ ਪੰਡਿਆ ਨੇ ਟੀਮ ਦੀਆਂ ਉਮੀਦਾਂ ਬਣਾਈ ਰੱਖੀਆਂ।