ਭਾਰਤ ਨੂੰ ਮਿਲਿਆ ਤੀਜਾ ਮੈਡਲ, ਵਿਨੋਦ ਕੁਮਾਰ ਨੇ ਡਿਸਕਸ ਥ੍ਰੋ 'ਚ ਜਿੱਤਿਆ ਕਾਂਸੀ ਦਾ ਤਮਗਾ

ਏਜੰਸੀ

ਖ਼ਬਰਾਂ, ਖੇਡਾਂ

ਵਿਨੋਦ ਨੇ ਲਗਭਗ 30 ਸਾਲ ਦੀ ਉਮਰ ਵਿਚ ਖੇਡਣਾ ਸ਼ੁਰੂ ਕੀਤਾ ਸੀ ਅਤੇ ਅੱਜ 42 ਸਾਲ ਦੀ ਉਮਰ ਵਿਚ ਉਹ ਪੈਰਾਲੰਪਿਕ ਤਮਗਾ ਜੇਤੂ ਬਣ ਗਏ

Tokyo Paralympics 2021: Vinod Kumar wins bronze in discus throw

ਨਵੀਂ ਦਿੱਲੀ - ਭਾਰਤ ਨੇ ਐਤਵਾਰ ਨੂੰ ਟੋਕੀਉ ਪੈਰਾਲੰਪਿਕਸ ਵਿਚ ਮੈਡਲਾਂ ਦੀ ਹੈਟ੍ਰਿਕ ਹਾਸਲ ਕੀਤੀ। ਭਾਵਿਨਾ ਪਟੇਲ, ਨਿਸ਼ਾਦ ਕੁਮਾਰ ਤੋਂ ਬਾਅਦ ਵਿਨੋਦ ਕੁਮਾਰ ਨੇ ਡਿਸਕਸ ਥ੍ਰੋਅ ਵਿਚ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਡਿਸਕਸ ਥ੍ਰੋ ਦੇ ਐਫ -52 ਈਵੈਂਟ ਦੇ ਫਾਈਨਲ ਵਿਚ 19.91 ਮੀਟਰ ਤੱਕ ਥ੍ਰੋ ਸੁੱਟਿਆ। ਕ੍ਰੋਏਸ਼ੀਆ ਦੇ ਵੇਲੀਮੀਰ ਨੇ 19.98 ਮੀਟਰ ਥ੍ਰੋ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ, ਜਦੋਂ ਕਿ ਪੋਲੈਂਡ ਦੇ ਪਿਓਟਰ ਨੇ 20.02 ਮੀਟਰ ਨਾਲ ਸੋਨ ਤਮਗਾ ਜਿੱਤਿਆ।

ਵਿਨੋਦ ਨੇ ਲਗਭਗ 30 ਸਾਲ ਦੀ ਉਮਰ ਵਿਚ ਖੇਡਣਾ ਸ਼ੁਰੂ ਕੀਤਾ ਸੀ ਅਤੇ ਅੱਜ 42 ਸਾਲ ਦੀ ਉਮਰ ਵਿਚ ਉਹ ਪੈਰਾਲੰਪਿਕ ਤਮਗਾ ਜੇਤੂ ਬਣ ਗਏ। ਉਸ ਨੇ ਏਸ਼ੀਅਨ ਰਿਕਾਰਡ ਵੀ ਕਾਇਮ ਕੀਤਾ। ਸੋਸ਼ਲ ਮੀਡੀਆ 'ਤੇ ਵਿਨੋਦ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਨੇਤਾ ਰਾਹੁਲ ਗਾਂਧੀ, ਭਾਰਤੀ ਪੈਰਾਲੰਪਿਕ ਕਮੇਟੀ ਦੀ ਦੀਪਾ ਮਲਿਕ ਸਮੇਤ ਕਈ ਉੱਘੀਆਂ ਹਸਤੀਆਂ ਨੇ ਵਿਨੋਦ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਪੀਐਮ ਮੋਦੀ ਨੇ ਲਿਖਿਆ, 'ਪੂਰਾ ਭਾਰਤ ਵਿਨੋਦ ਕੁਮਾਰ ਦੇ ਪ੍ਰਦਰਸ਼ਨ ਲਈ ਉਹਨਾਂ ਦਾ ਧੰਨਵਾਦ ਕਰ ਰਿਹਾ ਹੈ।

ਕਾਂਸੀ ਦਾ ਤਗਮਾ ਜਿੱਤਣ ਤੇ ਬਹੁਤ ਬਹੁਤ ਮੁਬਾਰਕਾਂ। ਉਸ ਦੀ ਸਖਤ ਮਿਹਨਤ ਅਤੇ ਜਨੂੰਨ ਨੇ ਉਸ ਨੂੰ ਇਹ ਪ੍ਰਾਪਤੀ ਹਾਸਲ ਕਰਵਾਈ ਹੈ। ਵਿਨੋਦ ਦੇ ਤਮਗਾ ਜਿੱਤਣ ਤੋਂ ਕੁਝ ਸਮਾਂ ਪਹਿਲਾਂ, ਨਿਸ਼ਾਦ ਕੁਮਾਰ ਨੇ ਉੱਚੀ ਛਾਲ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜੋ ਕਿ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਭਾਰਤ ਦਾ ਦੂਜਾ ਤਗਮਾ ਸੀ। ਟੇਬਲ ਟੈਨਿਸ ਖਿਡਾਰਨ ਭਾਵਿਨਾ ਬੇਨ ਪਟੇਲ ਨੇ ਚਾਂਦੀ ਦਾ ਤਗਮਾ ਜਿੱਤ ਕੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਭਾਰਤ ਦਾ ਤਮਗਾ ਖਾਤਾ ਖੋਲ੍ਹਿਆ।