ਏਸ਼ੀਆ ਕੱਪ : ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਰਵਿੰਦਰ ਜਡੇਜਾ ਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਪਲਟਿਆ ਮੈਚ

Asia Cup: India defeated Pakistan by five wickets

ਦੁਬਈ  : ਏਸ਼ੀਆ ਕੱਪ ਦੇ ਦੂਜੇ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ ਜਿੱਤ ਲਈ 148 ਦੌੜਾਂ ਦਾ ਟੀਚਾ ਦਿਤਾ ਸੀ। ਜਿਸ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ 5 ਵਿਕਟਾਂ ਰਹਿੰਦੇ ਹੋਏ 148 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਿਆ। 

ਭਾਰਤ ਵਲੋਂ ਗੇਂਦਬਾਜ਼ੀ ਕਰਦੇ ਹੋਏ ਸੱਭ ਤੋਂ ਵਧ 4 ਵਿਕਟਾਂ ਭੁਵਨੇਸ਼ਵਰ ਕੁਮਾਰ ਨੇ ਲਈਆਂ। ਇਸ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਤਿੰਨ ਵਿਕਟਾਂ ਅਪਣੇ ਨਾਂ ਕੀਤੀਆਂ। ਪਹਿਲੀ ਵਾਰ ਏਸ਼ੀਆ ਕੱਪ ਖੇਡ ਰਹੇ ਰਹੇ ਅਰਸ਼ਦੀਪ ਸਿੰਘ ਨੇ 2 ਵਿਕਟਾਂ ਲਈਆਂ ਅਤੇ ਆਵੇਸ਼ ਖ਼ਾਨ ਨੂੰ ਸਿਰਫ਼ ਇਕ ਵਿਕਟ ਮਿਲੀ। 
ਟੀਚੇ ਦਾ ਪਿਛਾ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਕੇ.ਐਲ ਰਾਹੁਲ ਦੇ ਰੂਪ ’ਚ ਲੱਗਾ। ਰਾਹੁਲ ਬਿਨਾਂ ਕੋਈ ਦੌੜ ਬਣਾਏ ਨਸੀਮ ਸ਼ਾਹ ਦੇ ਸ਼ਿਕਾਰ ਬਣੇ। ਭਾਰਤ ਦੀ ਦੂਜੀ ਵਿਕਟ ਰੋਹਿਤ ਸ਼ਰਮਾ ਦੇ ਰੂਪ ’ਚ ਡਿੱਗੀ ਤੇ ਉਹ 12 ਦੌੜਾਂ ਬਣਾ ਕੇ ਇਫ਼ਤਿਖ਼ਾਰ ਦਾ ਸ਼ਿਕਾਰ ਬਣਿਆ।

ਇਸੇ ਦੌਰਾਨ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ 35 ਦੌੜਾਂ ਬਣਾ ਕੇ ਇਫ਼ਤਿਖ਼ਾਰ ਦਾ ਸ਼ਿਕਾਰ ਬਣ ਗਿਆ। ਇਸ ਤੋਂ ਬਾਅਦ ਸੂਰਯ ਕੁਮਾਰ ਯਾਦਵ 18 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤੀ ਟੀਮ ਦੀ ਪਾਰੀ ਸੰਭਾਲਣ ਉਤਰੇ ਰਵਿੰਦਰ ਜਡੇਜਾ 35 ਦੌੜਾਂ ਹੀ ਬਣਾ ਸਕੇ ਅਤੇ ਹਾਰਦਿਕ ਪਾਂਡਿਆ ਨੇ 33 ਦੌੜਾਂ ਬਣਾ ਕੇ ਭਾਰਤ ਨੂੰ ਮੈਚ ਜਿਤਾ ਦਿਤਾ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਤੇ ਸਲਾਮੀ ਬੱਲੇਬਾਜ਼ ਬਾਬਰ ਆਜ਼ਮ 10 ਦੌੜਾਂ ਦੇ ਨਿਜੀ ਸਕੋਰ ’ਤੇ ਆਊਟ ਹੋ ਗਿਆ।

ਪਾਕਿਸਤਾਨ ਦੀ ਦੂਜੀ ਵਿਕਟ ਫ਼ਖ਼ਰ ਜ਼ਮਾਨ ਦੇ ਤੌਰ ’ਤੇ ਡਿੱਗੀ। ਪਾਕਿ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਇਫ਼ਤਿਖ਼ਾਰ ਅਹਿਮਦ 28 ਦੌੜਾਂ ਦੇ ਨਿਜੀ ਸਕੋਰ ’ਤੇ ਹਾਰਦਿਕ ਪੰਡਯਾ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਪਾਕਿ ਦੀ ਚੌਥੀ ਵਿਕਟ ਮੁਹੰਮਦ ਰਿਜ਼ਵਾਨ ਦੇ ਤੌਰ ’ਤੇ ਡਿੱਗੀ। ਰਿਜ਼ਵਾਨ 43 ਦੌੜਾਂ ਦੇ ਨਿਜੀ ਸਕੋਰ ’ਤੇ ਹਾਰਦਿਕ ਪੰਡਯਾ ਦਾ ਸ਼ਿਕਾਰ ਬਣਿਆ। ਪਾਕਿ ਦੀ ਪੰਜਵੀਂ ਵਿਕਟ ਖੁਰਸ਼ੀਦ ਸ਼ਾਹ ਦੇ ਤੌਰ ’ਤੇ ਡਿੱਗੀ। ਪਾਕਿਸਤਾਨ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਆਸਿਫ਼ ਅਲੀ 9 ਦੌੜਾਂ ਦੇ ਨਿਜੀ ਸਕੋਰ ’ਤੇ ਭੁਵਨੇਸ਼ਵਰ ਦਾ ਸ਼ਿਕਾਰ ਬਣਿਆ।