Asia Cup : ਭਾਰਤ ਬਣਿਆ ਚੈਂਪੀਅਨ, ਰੋਮਾਂਚਕ ਫ਼ਾਈਨਲ ਮੈਚ ਵਿਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
ਤਿਲਕ ਵਰਮਾ ਨੇ 53 ਗੇਂਦਾਂ ਵਿੱਚ ਨਾਬਾਦ 69 ਦੌੜਾਂ ਬਣਾਈਆਂ, ਸ਼ਿਵਮ ਦੂਬੇ ਨੇ 33 ਦੌੜਾਂ ਦਾ ਪਾਇਆ ਯੋਗਦਾਨ
India beat Pakistan by 5 wickets Asia Cup Final: ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਫ਼ਾਈਨਲ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ 2025 ਜਿੱਤ ਲਿਆ ਹੈ। ਪਾਕਿਸਤਾਨ ਵਲੋਂ ਦਿਤੇ 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। 20 ਦੌੜਾਂ ’ਤੇ ਹੀ ਭਾਰਤ ਦੀਆਂ ਤਿੰਨ ਵਿਕਟਾਂ ਡਿੱਗ ਗਈਆਂ।
ਅਭਿਸ਼ੇਕ ਸ਼ਰਮਾ 5, ਸ਼ੁਭਮਨ ਗਿੱਲ 12 ਅਤੇ ਕਪਤਾਨ ਸੂਰਿਆਕੁਮਾਰ ਯਾਦਵ 1 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਤਿਲਕ ਵਰਮਾ ਦੀਆਂ 69 ਦੌੜਾਂ ਅਤੇ ਸ਼ਿਵਮ ਦੂਬੇ ਦੀਆਂ 33 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਰੋਮਾਂਚਕ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿਤਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਰਣਨੀਤਕ ਫੈਸਲਾ ਸਾਬਤ ਹੋਇਆ। ਪਾਕਿਸਤਾਨ ਨੇ ਸਾਹਿਬਜ਼ਾਦਾ ਫਰਹਾਨ (38 ਗੇਂਦਾਂ ਉਤੇ 57 ਦੌੜਾਂ) ਅਤੇ ਫਖਰ ਜ਼ਮਾਨ (35 ਗੇਂਦਾਂ ਉਤੇ 46 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਬਦੌਲਤ ਵਧੀਆ ਸ਼ੁਰੂਆਤ ਕੀਤੀ।
ਹਾਲਾਂਕਿ 84 ਦੌੜਾਂ ’ਤੇ ਫਰਹਾਨ ਦੀ ਪਹਿਲੀ ਵਿਕਟ ਡਿੱਗਣ ਤੋਂ ਬਾਅਦ ਹੀ ਟੀਮ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈ। ਵਰੁਣ, ਕੁਲਦੀਪ ਅਤੇ ਅਕਸ਼ਰ ਦੀ ਭਾਰਤੀ ਸਪਿਨ ਤਿਕੜੀ ਨੇ ਤੇਜ਼ੀ ਨਾਲ ਕੁੱਝ ਵਿਕਟਾਂ ਲਈਆਂ ਅਤੇ ਪਾਕਿਸਤਾਨ ਉਤੇ ਦਬਾਅ ਬਣਾ ਲਿਆ। ਪੂਰੀ ਟੀਮ ਨਾਟਕੀ ਢੰਗ ਨਾਲ ਸਿਰਫ 19.1 ਓਵਰਾਂ ਵਿਚ 146 ਦੌੜਾਂ ਉਤੇ ਆਊਟ ਹੋ ਗਈ। ਪਾਕਿਸਤਾਨ ਦੇ ਵਿਚਕਾਰਲੇ ਅਤੇ ਹੇਠਲੇ ਬੱਲੇਬਾਜ਼ ਭਾਰਤ ਦੀ ਅਨੁਸ਼ਾਸਿਤ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਨਹੀਂ ਕਰ ਸਕੇ। ਤਿੰਨ ਬੱਲੇਬਾਜ਼ ਤਾਂ ਕੋਈ ਦੌੜ ਨਹੀਂ ਬਣਾ ਸਕੇ।
ਅਖ਼ੀਰੇ ਓਵਰਾਂ ’ਚ ਦੌੜਾਂ ਦਾ ਕਮੀ ਦਾ ਖਮਿਆਜ਼ਾ ਪਾਕਿਸਤਾਨ ਨੂੰ ਹਾਰ ਦੇ ਰੂਪ ’ਚ ਮਿਲਿਆ। ਕੁਲਦੀਪ ਯਾਦਵ ਨੇ 30 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ, ਜਦਕਿ ਵਰੁਣ ਚਕਰਵਰਤੀ, ਅਕਸ਼ਰ ਪਟੇਲ ਅਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਲਈਆਂ। ਉਨ੍ਹਾਂ ਦੇ ਸਾਂਝੇ ਯਤਨਾਂ ਨੇ ਪਾਕਿਸਤਾਨ ਦੀ ਬੱਲੇਬਾਜ਼ੀ ਦੀ ਗਤੀ ਨੂੰ ਖਤਮ ਕਰ ਦਿਤਾ, ਖ਼ਾਸਕਰ ਦਰਮਿਆਨੇ ਓਵਰਾਂ ਦੌਰਾਨ। (ਏਜੰਸੀ)