'ਫ਼ੌਜੀ ਗੇਮਜ਼' ਦਾ ਟੀਜ਼ਰ ਹੋਇਆ ਜਾਰੀ, ਨਵੰਬਰ ਵਿਚ ਗੇਮ ਕੀਤੀ ਜਾਵੇਗੀ ਜਾਰੀ

ਏਜੰਸੀ

ਖ਼ਬਰਾਂ, ਖੇਡਾਂ

ਨਵੰਬਰ ਵਿਚ ਕਿਸ ਤਰੀਕ ਨੂੰ ਗੇਮਜ਼ ਦੀ ਲਾਂਚਿੰਗ ਹੋਵੇਗੀ, ਇਸ ਦੀ ਜਾਣਕਾਰੀ ਨਹੀਂ ਦਿਤੀ ਗਈ

FAUG Game Teaser Revealed

ਦੁਸਹਿਰੇ ਮੌਕੇ ਪਬਜੀ ਦਾ ਦੇਸੀ ਰੂਪ ਫ਼ੌਜੀ ਗੇਮਜ਼ ਦਾ ਟੀਜ਼ਰ ਵੀਡੀਉ ਜਾਰੀ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਪਬਜੀ ਤੇ ਪਾਬੰਦੀ ਤੋਂ ਬਾਅਦ ਹੀ ਫ਼ੌਜੀ ਗੇਮ ਦਾ ਐਲਾਨ ਕੀਤਾ ਗਿਆ ਸੀ। ਫ਼ੌਜੀ ਗੇਮ ਨੂੰ ਬਣਾਉਣ ਵਾਲੀ ਕੰਪਨੀ ਐਨਕੋਰ ਗੇਮਜ਼ ਨੇ ਐਲਾਨ ਕੀਤਾ ਹੈ ਕਿ ਫ਼ੌਜੀ ਗੇਮ ਨੂੰ ਇਸ ਸਾਲ ਨਵੰਬਰ ਵਿਚ ਭਾਰਤ 'ਚ ਜਾਰੀ ਕੀਤਾ ਜਾਵੇਗਾ। ਹਾਲਾਂਕਿ ਨਵੰਬਰ ਵਿਚ ਕਿਸ ਤਰੀਕ ਨੂੰ ਗੇਮਜ਼ ਦੀ ਲਾਂਚਿੰਗ ਹੋਵੇਗੀ, ਇਸ ਦੀ ਜਾਣਕਾਰੀ ਨਹੀਂ ਦਿਤੀ ਗਈ।

ਐਨਕੋਰ ਗੇਮਜ਼ ਵਲੋਂ ਟਵਿੱਟਰ ਹੈਂਡਲ ਤੋਂ ਬੀਤੇ ਐਤਵਾਰ ਨੂੰ ਇਕ ਟਵੀਟ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਚੰਗਿਆਈ ਹਮੇਸ਼ਾ ਬੁਰਾਈ 'ਤੇ ਜਿੱਤ ਪਾਉਂਦੀ ਹੈ। ਅਜਿਹੇ ਵਿਚ ਫ਼ੀਅਰਲੈੱਸ ਐਂਡ ਯੂਨਾਈਟਿਡ ਗਾਰਡਜ਼ ਨੂੰ ਜਿੱਤ ਲਈ ਸ਼ੁਭ ਕਾਮਨਾਵਾਂ ਦਿਤੀਆਂ। ਇੰਡੀਅਨ ਗੇਮ ਡਿਵੈਲਪਮੈਂਟ ਕੰਪਨੀ ਐਨਕੋਰ ਗੇਮਜ਼ ਦੇ ਕੋ-ਫ਼ਾਊਂਡਰ ਵਿਸ਼ਾਲ ਗੋਂਡਲ ਨੇ ਦਾਅਵਾ ਕੀਤਾ ਕਿ ਗੇਮ ਦੂਜੀਆਂ ਇੰਟਰਨੈਸ਼ਨਲ ਗੇਮਜ਼ ਨੂੰ ਟੱਕਰ ਦੇਵੇਗਾ।

ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਵਲੋਂ ਵੀ ਇਕ ਟਵੀਟ ਕਰ ਕੇ ਫ਼ੌਜੀ ਗੇਮਜ਼ ਦਾ ਟੀਜ਼ਰ ਜਾਰੀ ਕਰ ਕੇ ਗੇਮਜ਼ ਬਾਰੇ ਜਾਣਕਾਰੀ ਦਿਤੀ ਗਈ। ਜੇਕਰ ਟੀਜ਼ਰ ਵੀਡੀਉ ਦੀ ਗੱਲ ਕਰੀਏ ਤਾਂ ਉਸ ਵਿਚ ਕੁੱਝ ਫ਼ੌਜੀਆਂ ਦੇ ਗ੍ਰਾਫ਼ਿਕਸ ਨੂੰ ਦਿਖਾਇਆ ਗਿਆ ਹੈ ਪਰ ਕਿਹੜੇ ਹਥਿਆਰਾਂ ਨਾਲ ਯੁੱਧ ਲੜਿਆ ਜਾਵੇਗਾ, ਫ਼ਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ।

ਫ਼ੌਜੀ ਗੇਮ ਕੰਪਨੀ ਨੂੰ ਐਂਟੀ ਚਾਈਨਾ ਬੇਸਡ ਕਿਹਾ ਜਾ ਸਕਦਾ ਹੈ। ਫ਼ਿਲਹਾਲ ਸ਼ੁਰੂਆਤੀ ਟੀਜ਼ਰ ਵੀਡੀਉ ਨਾਲ ਇਸ ਗੱਲ ਦਾ ਪ੍ਰਗਟਾਵਾ ਹੋ ਰਿਹਾ ਹੈ। ਇਸ ਗੇਮ ਦਾ ਐਲਾਨ ਵੀ ਅਜਿਹੇ ਸਮੇਂ ਵਿਚ ਹੋਇਆ ਜਿਸ ਸਮੇਂ ਭਾਰਤ ਵਿਚ ਗਲਵਾਨ ਘਾਟੀ ਦੀ ਘਟਨਾ ਨੂੰ ਲੈ ਕੇ ਐਂਟੀ ਚਾਈਨਾ ਸੈਂਟੀਮੈਂਟ ਸਿਖਰਾਂ 'ਤੇ ਸੀ।

ਟੀਜ਼ਰ ਵੀਡੀਉ ਵਿਚ ਵੀ ਗਲਵਾਨ ਘਾਟੀ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਹੈ। ਅਜਿਹੇ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਫ਼ੌਜੀ ਗੇਮਜ਼ ਦਾ ਪਹਿਲਾਂ ਐਪੀਸੋਡ ਗਲਵਾਨ ਘਾਟੀ ਦੀ ਘਟਨਾ 'ਤੇ ਆਧਾਰਤ ਹੋਵੇਗਾ ਜਿਥੇ ਭਾਰਤੀ ਫ਼ੌਜੀ ਅਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ।