ਹਰਿਆਣਾ ਦੇ ਖੇਡ ਮੰਤਰੀ 'ਤੇ ਲੱਗੇ ਖਿਡਾਰਨ ਨਾਲ ਛੇੜਛਾੜ ਦੇ ਇਲਜ਼ਾਮ, ਪੜ੍ਹੋ ਕੀ ਬੋਲੀ ਰਾਸ਼ਟਰੀ ਪੱਧਰ ਦੀ ਖਿਡਾਰਨ  

ਏਜੰਸੀ

ਖ਼ਬਰਾਂ, ਖੇਡਾਂ

ਖੇਡ ਮੰਤਰੀ ਨੇ ਅਪਣੇ 'ਤੇ ਲੱਗੇ ਦੋਸ਼ ਨਕਾਰੇ

Haryana sports minister accused of molesting players, read what national level players said

ਹਰਿਆਣਾ - ਰਾਸ਼ਟਰੀ ਅਥਲੀਟ ਅਤੇ ਜੂਨੀਅਰ ਕੋਚ ਨੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਮਹਿਲਾ ਕੋਚ ਦਾ ਇਲਜ਼ਾਮ ਹੈ ਕਿ ਖੇਡ ਮੰਤਰੀ ਨੇ ਮਨਚਾਹੀ ਪੋਸਟਿੰਗ ਦੇ ਬਹਾਨੇ ਉਸ ਨਾਲ ਛੇੜਛਾੜ ਕੀਤੀ। ਹੁਣ ਪੀੜਤ ਨੇ ਹਰਿਆਣਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। 

ਪੀੜਤ ਮਹਿਲਾ ਕੋਚ ਨੇ ਇਲਜ਼ਾਮ ਲਾਇਆ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਵੈਨਿਸ਼ ਮੋਡ 'ਤੇ ਗੱਲ ਕੀਤੀ, ਜਿਸ ਨਾਲ 24 ਘੰਟਿਆਂ ਬਾਅਦ ਮੈਸੇਜ ਡਿਲੀਟ ਕਰ ਦਿੱਤਾ। ਮਹਿਲਾ ਕੋਚ ਨੇ ਦੱਸਿਆ ਕਿ ਖੇਡ ਮੰਤਰੀ ਨੇ ਉਸ ਨਾਲ ਸਨੈਪਚੈਟ 'ਤੇ ਗੱਲ ਕਰਨ ਲਈ ਕਿਹਾ। ਫਿਰ ਮੈਨੂੰ ਚੰਡੀਗੜ੍ਹ ਸੈਕਟਰ 7 ਲੇਕ ਸਾਈਡ ਮਿਲਣ ਲਈ ਬੁਲਾਇਆ। ਮੈਂ ਨਹੀਂ ਗਈ ਤਾਂ ਉਹ ਉਸ ਨੂੰ ਇੰਸਟਾ 'ਤੇ ਬਲੌਕ ਅਤੇ ਅਨਬਲੌਕ ਕਰਦੇ ਰਹੇ। ਫਿਰ ਉਸ ਨੂੰ ਦਸਤਾਵੇਜ਼ ਦੇ ਬਹਾਨੇ ਘਰ ਬੁਲਾਇਆ, ਜਿੱਥੇ ਮੰਤਰੀ ਨੇ ਛੇੜਛਾੜ ਕੀਤੀ।

ਮਹਿਲਾ ਕੋਚ ਨੇ ਦੱਸਿਆ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੀ ਗੱਲ ਮੰਨੋਗੇ ਤਾਂ ਤੁਹਾਨੂੰ ਸਾਰੀਆਂ ਸਹੂਲਤਾਂ ਅਤੇ ਲੋੜੀਂਦੀ ਜਗ੍ਹਾ 'ਤੇ ਤਾਇਨਾਤੀ ਮਿਲੇਗੀ। ਜਦੋਂ ਮੈਂ ਮੰਤਰੀ ਦੀ ਗੱਲ ਨਾ ਸੁਣੀ ਤਾਂ ਉਸ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਝੱਜਰ ਕਰ ਦਿੱਤਾ ਗਿਆ ਅਤੇ ਸਿਖਲਾਈ ਵੀ ਬੰਦ ਕਰ ਦਿੱਤੀ ਗਈ।

ਪੀੜਤ ਨੇ ਦੱਸਿਆ ਕਿ ਮੈਂ ਇਸ ਬਾਰੇ ਡੀਜੀਪੀ ਦਫ਼ਤਰ, ਸੀਐਮ ਹਾਊਸ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਪੀੜਤ ਨੇ ਹੁਣ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਹੁਣ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਇਸ ਮਾਮਲੇ ਵਿਚ ਦਖ਼ਲ ਦਿੱਤਾ ਹੈ। ਉਨ੍ਹਾਂ ਇਸ ਮਾਮਲੇ 'ਚ ਮੁੱਖ ਮੰਤਰੀ ਤੋਂ ਖੇਡ ਮੰਤਰੀ ਸੰਦੀਪ ਸਿੰਘ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ   ਇਸ ਮਾਮਲੇ 'ਚ ਐਸਆਈਟੀ ਗਠਿਤ ਕਰਕੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ। 

ਇਸ ਦੇ ਨਾਲ ਹੀ ਖੇਡ ਮੰਤਰੀ ਸੰਦੀਪ ਸਿੰਘ ਨੇ ਅਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆਂ ਹੈ। ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਉਹ ਉਕਤ ਕੋਚ ਨੂੰ ਕਦੇ ਨਹੀਂ ਮਿਲੇ  ਅਤੇ ਉਸ 'ਤੇ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ।