ਸਟੇਡੀਅਮ 'ਚ ਪ੍ਰਸ਼ੰਸਕ ਨੇ ਫੜਿਆ ਇਕ ਹੱਥ ਨਾਲ ਕੈਚ, ਬਦਲੇ 'ਚ ਮਿਲੇ 1.08 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੱਖਣੀ ਅਫ਼ਰੀਕਾ ਵਿਚ ਖੇਡੀ ਜਾ ਰਹੀ ਦੱਖਣੀ ਅਫ਼ਰੀਕਾ ਟੀ-20 ਲੀਗ

Rs 1.07 crore for a catch! Fan catches ball with one hand

ਕੇਪ ਟਾਊਨ : ਦਖਣੀ ਅਫ਼ਰੀਕਾ ਵਿਚ ਖੇਡੀ ਜਾ ਰਹੀ ਦਖਣੀ ਅਫ਼ਰੀਕਾ ਟੀ-20 ਲੀਗ ਦੇ ਦੌਰਾਨ ਇਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ, ਜਿਥੇ ਇਕ ਕ੍ਰਿਕਟ ਪ੍ਰਸ਼ੰਸਕ ਮਹਿਜ਼ ਇਕ ਕੈਚ ਫੜ ਕੇ ਰਾਤੋ-ਰਾਤ ਕਰੋੜਪਤੀ ਬਣ ਗਿਆ।

ਨਿਊਲੈਂਡਸ ਵਿਚ ਐਮਆਈ ਕੇਪ ਟਾਊਨ ਅਤੇ ਡਰਬਨ ਸੁਪਰ ਜਾਇੰਟਸ ਵਿਚਕਾਰ ਹੋਏ ਮੁਕਾਬਲੇ ਦੌਰਾਨ ਇਕ ਪ੍ਰਸ਼ੰਸਕ ਨੇ ਸਟੈਂਡਸ ਵਿਚ ਇਕ ਹੱਥ ਨਾਲ ਸ਼ਾਨਦਾਰ ਕੈਚ ਫੜਿਆ। ਇਸ ਕੈਚ ਬਦਲੇ ਉਸ ਨੂੰ ਦਖਣੀ ਅਫ਼ਰੀਕਾ ਟੀ-20 ਦੀ ‘ਫ਼ੈਨ-ਕੈਚ’ ਮੁਹਿੰਮ ਤਹਿਤ 2 ਮਿਲੀਅਨ ਰੈਂਡ (ਲਗਭਗ 1.08 ਕਰੋੜ ਭਾਰਤੀ ਰੁਪਏ) ਦਾ ਇਨਾਮ ਮਿਲਿਆ ਹੈ।

ਇਹ ਘਟਨਾ ਮੈਚ ਦੇ 13ਵੇਂ ਓਵਰ ਵਿਚ ਵਾਪਰੀ ਜਦੋਂ ਐਮਆਈ ਕੇਪ ਟਾਊਨ ਦੇ ਬੱਲੇਬਾਜ਼ ਰਿਆਨ ਰਿਕੇਲਟਨ ਨੇ ਇਕ ਜ਼ੋਰਦਾਰ ਛਿੱਕਾ ਮਾਰਿਆ। ਰਿਕੇਲਟਨ ਨੇ ਇਸ ਮੈਚ ਵਿਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮਹਿਜ਼ 65 ਗੇਂਦਾਂ ਵਿਚ 113 ਦੌੜਾਂ ਬਣਾਈਆਂ, ਜਿਸ ਵਿਚ 11 ਛਿੱਕੇ ਅਤੇ 5 ਚੌਕੇ ਸ਼ਾਮਲ ਸਨ। ਹਾਲਾਂਕਿ ਉਸ ਦੀ ਇਸ ਸੈਂਕੜੇ ਵਾਲੀ ਪਾਰੀ ਦੇ ਬਾਵਜੂਦ ਉਸ ਦੀ ਟੀਮ ਜਿੱਤ ਹਾਸਲ ਨਹੀਂ ਕਰ ਸਕੀ ਅਤੇ 15 ਦੌੜਾਂ ਨਾਲ ਮੈਚ ਹਾਰ ਗਈ। (ਏਜੰਸੀ)