ਪਹਿਲਵਾਨ ਵੀਰਦੇਵ ਨੇ ਜਿਤਿਆ ਕਾਂਸੀ ਦਾ ਤਮਗ਼ਾ
ਭਾਰਤ ਦੇ ਫ੍ਰੀ ਸਟਾਈਲ ਪਹਿਲਵਾਨ ਵੀਰਦੇਵ ਗੂਲਿਆ (74ਕਿ.ਗ੍ਰਾ) ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ 'ਚ ਮੰਗਲਵਾਰ ਤੋਂ ਸ਼ੁਰੂ ਹੋਈ ਵਿਸ਼ਵ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ 'ਚ...
ਨਵੀਂ ਦਿੱਲੀ, 2 ਅਗੱਸਤ : ਭਾਰਤ ਦੇ ਫ੍ਰੀ ਸਟਾਈਲ ਪਹਿਲਵਾਨ ਵੀਰਦੇਵ ਗੂਲਿਆ (74ਕਿ.ਗ੍ਰਾ) ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ 'ਚ ਮੰਗਲਵਾਰ ਤੋਂ ਸ਼ੁਰੂ ਹੋਈ ਵਿਸ਼ਵ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ 'ਚ ਕਾਂਸੀ ਤਮਗਾ ਜਿੱਤਿਆ। 74 ਕਿਲੋਗ੍ਰਾਮ ਵਰਗ 'ਚ ਵੀਰਦੇਵ ਦਾ ਮੁਕਾਬਲਾ ਜਾਪਾਨ ਦੇ ਯਾਜੂਰੋ ਯਾਮਾਸਾਕੀ ਨਾਲ ਸੀ, ਜਿਸ ਨੂੰ ਉਸ ਨੇ 8-5 ਨਾਲ ਹਰਾ ਕੇ ਭਾਰਤ ਦਾ ਪ੍ਰਤੀਯੋਗਿਤਾ 'ਚ ਖਾਤਾ ਖੋਲ੍ਹ ਦਿਤਾ।
ਵੀਰਦੇਵ ਨੇ ਸ਼ੁਰੂਆਤੀ ਰਾਊਂਡ 'ਚ ਜਰਮਨੀ ਦੇ ਜੋਹਾਨ ਕ੍ਰਿਸਟੋਫ ਨੂੰ ਹਰਾ ਦਿਤਾ ਪਰ ਕੁਆਰਟਫ਼ਾਈਨਲ 'ਚ ਉਹ ਉਜਬੇਕਿਸਤਾਨ ਦੇ ਇਸਾ ਸ਼ਪੀਵ ਤੋਂ ਹਾਰ ਗਿਆ। ਵੀਰਦੇਵ ਨੇ ਰੇਪਚੇਵ 'ਚ ਕੈਨੇਡਾ ਦੇ ਸਟੁਅਰਟ ਬ੍ਰਿਜਵਾਟਰ ਨੂੰ 5-0 ਨਾਲ ਹਰਾ ਕੇ ਕਾਂਸੀ ਤਮਗ਼ਾ ਮੁਕਾਬਲੇ 'ਚ ਪ੍ਰਵੇਸ਼ ਕੀਤਾ ਅਤੇ ਫਿਰ ਜਾਪਾਨੀ ਪਹਿਲਵਾਨ ਨੂੰ ਹਰਾ ਦਿਤਾ।
ਭਾਰਤ ਦੇ ਇਕ ਹੋਰ ਪਹਿਲਵਾਨ ਰਵਿੰਦਰ ਦਾ 60 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ 'ਚ ਕਾਂਸੀ ਤਮਗ਼ੇ ਲਈ ਜਾਪਾਨ ਦੇ ਹਿਰੋਮੂ ਸਕਾਕੀ ਨਾਲ ਮੁਕਾਬਲਾ ਸੀ ਪਰ ਉਸ ਨੂੰ 6-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦਾ ਕਾਂਸੀ ਦਾ ਸੁਪਨਾ ਟੁੱਟ ਗਿਆ।
ਰਵਿੰਦਰ ਨੇ 60 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ਦੇ ਪਹਿਲੇ ਰਾਊਂਡ 'ਚ ਅਜਰਬੈਜਾਨ ਦੇ ਅਲੀ ਰਹੀਮਜਾਦੇ ਨੂੰ ਅਤੇ ਫਿਰ ਕੁਆਰਟਫ਼ਾਈਨਲ 'ਚ ਮੰਗੋਲੀਆ ਦੇ ਸੋਗਬਾਦ੍ਰਰਾਖ ਸੇਵੀਨਸੁਰੇਨ ਨੂੰ ਹਰਾ ਦਿਤਾ।
ਰਵਿੰਦਰ ਨੂੰ ਸੈਮੀਫਾਈਨਲ 'ਚ ਅਮਰੀਕਾ ਦੇ ਮਿਸ਼ੇਲ ਸਟੀਵਨ ਨਾਲ ਨਜ਼ਦੀਕੀ ਮੁਕਾਬਲੇ 'ਚ 14-16 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਟੀਵਨ ਨੇ ਇਸ ਵਰਗ ਦੇ ਫ਼ਾਈਨਲ 'ਚ ਪ੍ਰਵੇਸ਼ ਕੀਤਾ ਅਤੇ ਰਵਿੰਦਰ ਕਾਂਸੀ ਤਮਗ਼ੇ ਲਈ ਜਾਪਾਨੀ ਪਹਿਲਵਾਨ ਨਾਲ ਭਿੜੇਗਾ। (ਪੀ.ਟੀ.ਆਈ.)