ਟੈਸਟ ਕ੍ਰਿਕਟ 'ਚ ਟਾਸ ਨੂੰ ਰਖਿਆ ਜਾਵੇਗਾ ਬਰਕਰਾਰ: ਆਈ.ਸੀ.ਸੀ.  

ਏਜੰਸੀ

ਖ਼ਬਰਾਂ, ਖੇਡਾਂ

ਕ੍ਰਿਕੇਟ ਦੇ ਕੁੱਝ ਦਿਗ਼ਜ ਖਿਡਾਰੀਆਂ ਦੀ ਰਾਏ ਨੂੰ ਧਿਆਨ ਵਿਚ ਰੱਖਦੇ ਹੋਏ ਆਈਸੀਸੀ ਨੇ ਟੈਸਟ ਕ੍ਰਿਕੇਟ ਵਿਚ ਟਾਸ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਅਨਿਲ ਕੁੰਬਲੇ...

Toss to stay in test cricket

 ਮੁੰਬਈ: ਕ੍ਰਿਕੇਟ ਦੇ ਕੁੱਝ ਦਿਗ਼ਜ ਖਿਡਾਰੀਆਂ ਦੀ ਰਾਏ ਨੂੰ ਧਿਆਨ ਵਿਚ ਰੱਖਦੇ ਹੋਏ ਆਈਸੀਸੀ ਨੇ ਟੈਸਟ ਕ੍ਰਿਕੇਟ ਵਿਚ ਟਾਸ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ। ਅਨਿਲ ਕੁੰਬਲੇ ਦੀ ਅਗੁਵਾਈ 'ਚ ਆਈਸੀਸੀ ਦੀ ਕ੍ਰਿਕੇਟ ਕਮੇਟੀ ਨੇ ਟਾਸ ਨੂੰ ਖੇਡ ਦਾ ਅਨਿੱਖੜਵਾਂ ਹਿੱਸਾ ਮੰਨਿਆ ਹੈ। ਟੈਸਟ ਮੈਚਾਂ ਵਿਚ ਪਹਿਲਾਂ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਦਾ ਫ਼ੈਸਲਾ ਪਹਿਲਾਂ ਵਾਂਗ ਟਾਸ ਦੇ ਨਾਲ ਹੀ ਹੋਵੇਗਾ।

ਇਸ ਦੇ ਨਾਲ ਹੀ ਕਮੇਟੀ ਨੇ ਖਿਡਾਰੀਆਂ ਦੀ ਖੇਡ ਪ੍ਰਤੀ ਭਾਵਨਾਵਾਂ, ਭੈੜੇ ਵਿਹਾਰ ਨੂੰ ਲੈ ਕੇ ਚਰਚਾ ਕੀਤੀ ਗਈ ਨਾਲ ਹੀ ਆਈਸੀਸੀ ਵਲੋਂ ਵਿਰੋਧੀ ਟੀਮ ਦੇ ਸਨਮਾਨ ਦੀ ਸੰਸਕ੍ਰਿਤੀ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਗੇਂਦ ਨਾਲ ਛੇੜਛਾੜ ਵਿਚ ਸ਼ਾਮਿਲ ਖਿਡਾਰੀਆਂ ਵਿਰੁਧ ਸਖ਼ਤ ਸਜ਼ਾਵਾਂ ਨਿਰਧਾਰਿਤ ਕਰਨ ਬਾਰੇ ਵੀ ਗੱਲ ਕੀਤੀ ਗਈ। ਇਸ ਗੱਲਬਾਤ ਦੌਰਾਨ ਟੈਸਟ ਮੈਚਾਂ ਦੌਰਾਨ ਘਰੇਲੂ ਹਾਲਾਤ ਦੇ ਫ਼ਾਇਦੇ ਨੂੰ ਘੱਟ ਕਰਨ ਲਈ ਟਾਸ ਨੂੰ ਖ਼ਤਮ ਕਰਨ ਵਾਲਾ ਨੀਯਮ ਹੀ ਚਰਚਾ ਦਾ ਮੁੱਖ ਵਿਸ਼ਾ ਰਿਹਾ।

ਕਮੇਟੀ ਨੇ ਟਾਸ ਦੇ ਮਸਲੇ ਉੱਤੇ ਚਰਚਾ ਦੌਰਾਨ ਕਿਹਾ ਕਿ ਟਾਸ ਟੈਸਟ ਕ੍ਰਿਕੇਟ ਦਾ ਅਨਿੱਖੜਵਾਂ ਹਿੱਸਾ ਹੈ ਇਹ ਮੈਚ ਦੀ ਸ਼ੁਰੂਆਤ 'ਚ ਮੈਚ ਦੀ ਭੂਮਿਕਾ ਤੈਅ ਕਰਦਾ ਹੈ। ਇਸ ਕਮੇਟੀ ਵਿਚ ਇੰਗਲੈਂਡ ਦੇ ਸਾਬਕਾ ਕਪਤਾਨ ਮਾਇਕ ਗੈਟਿੰਗ, ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ, ਮੌਜੂਦਾ ਕੋਮਾਂਤਰੀ ਕੋਚ ਮਾਇਕਲ ਹੇਸਨ (ਨਿਊਜ਼ੀਲੈਂਡ) ਅਤੇ ਸਾਬਕਾ ਆਸਟ੍ਰੇਲਿਆਈ ਓਪਨਰ ਡੇਵਿਡ ਬੂਨ ਵੀ ਸ਼ਾਮਿਲ ਸਨ। ਸਾਰਿਆਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਮੇਜ਼ਬਾਨ ਦੇਸ਼ ਨੂੰ ਬਿਹਤਰ ਪੱਧਰ ਦੀਆਂ ਪਿਚਾਂ ਤਿਆਰ ਕਰਨੀ ਚਾਹੀਦੀ ਹੈ।

ਕਮੇਟੀ ਨੇ ਮੈਬਰਾਂ ਵਲੋਂ ਪਿਚਾਂ ਦੀ ਗੁਣਵੱਤਾ 'ਤੇ ਧਿਆਨ ਰੱਖਣ ਲਈ ਕਿਹਾ ਤਾਂਕਿ ਆਈਸੀਸੀ ਨਿਯਮਾਂ ਅਨੁਸਾਰ ਬੱਲੇ ਅਤੇ ਗੇਂਦ ਵਿਚ ਬਿਹਤਰ ਸੰਤੁਲਨ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਸਾਬਕਾ ਖਿਡਾਰੀਆਂ ਨੇ ਟਾਸ ਨੂੰ ਹਟਾਏ ਜਾਣ ਨੂੰ ਇਕ ਨਕਾਰਾਤਮਕ ਕਦਮ ਦਸਿਆ ਸੀ। ਜਿਸ ਕਾਰਨ ਇਹ ਵਿਵਾਦ ਦਾ ਮੁੱਦਾ ਬਣ ਗਿਆ ਸੀ। ਆਖ਼ਰੀ ਦੋ ਦਿਨਾਂ ਦਾ ਜ਼ਿਆਦਾਤਰ ਸਮਾਂ ਖਿਡਾਰੀਆਂ ਦੇ ਭੈੜੇ ਵਿਹਾਰ 'ਤੇ ਚਰਚਾ ਕਰਨ 'ਚ ਨਿਕਲਿਆ ਕਿਉਂਕਿ ਪਿਛਲੇ ਕਾਫ਼ੀ ਸਮੇਂ ਤੋਂ ਖੇਡ ਜਗਤ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਜੂਝ ਰਿਹਾ ਹੈ।

ਇਸ ਦੌਰਾਨ ਖਿਡਾਰੀਆਂ ਵਲੋਂ ਗੇਂਦ ਨਾਲ ਛੇੜਛਾੜ ਦਾ ਮੁੱਦਾ ਵੀ ਅਹਿਮ ਰਿਹਾ। ਆਸਟ੍ਰੇਲਿਆਈ ਕਪਤਾਨ ਸਟੀਵ ਸਮਿਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਨੂੰ ਦੱਖਣ ਅਫ਼ਰੀਕਾ 'ਚ ਗੇਂਦ ਨਾਲ ਛੇੜਛਾੜ ਕਾਰਨ ਹੀਂ ਇਕ ਸਾਲ ਦਾ ਨਿਲੰਬਨ ਝੇਲਣਾ ਪੈ ਰਿਹਾ ਹੈ। ਕੁੰਬਲੇ ਨੇ ਕਿਹਾ ਕਿ ਅਸੀਂ ਖਿਡਾਰੀਆਂ ਦੇ ਵਰਤਾਉ ਦੇ ਮੁੱਦੇ ਨੂੰ ਲੈ ਕੇ ਕਾਫ਼ੀ ਚਰਚਾ ਕੀਤੀ ਅਤੇ ਮੈਂ ਮਾਇਕ ਗੈਟਿੰਗ ਅਤੇ ਡੇਵਿਡ ਬੂਨ ਦਾ ਸਾਡੇ ਨਾਲ ਜੁੜਣ ਅਤੇ ਚਰਚਾ 'ਚ ਮਹੱਤਵਪੂਰਣ ਯੋਗਦਾਨ ਪਾਉਣ ਉਹਨਾਂ ਦਾ ਧੰਨਵਾਦ ਕਰਦਾ ਹਾਂ। (ਏਜੰਸੀ)