ਜੁੜਵਾਂ ਭੈਣਾਂ ਤੋਂ ਪ੍ਰੇਰਿਤ ਹੋ ਕੇ ਲਵਲੀਨਾ ਨੇ ਕਿੱਕ ਬਾਕਸਿੰਗ ਦੀ ਕੀਤੀ ਸੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹੁਣ ਭਾਰਤ ਲਈ ਜਿੱਤੇਗੀ ਮੈਡਲ

Lovlina Borgohain

ਟੋਕਿਓ: ਟੋਕਿਓ ਓਲੰਪਿਕ ਵਿੱਚ ਸ਼ੁੱਕਰਵਾਰ ਦਾ ਦਿਨ ਭਾਰਤ ਲਈ ਚੰਗਾ ਦਿਨ ਰਿਹਾ। ਦਿਨ ਦੀ ਸ਼ੁਰੂਆਤ ਵਿੱਚ ਹੀ ਵਿਸ਼ਵ ਦੀ ਨੰਬਰ ਇੱਕ ਤੀਰਅੰਦਾਜ਼ ਦੀਪਿਕਾ ਨੇ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਸਥਾਨ ਬਣਾਇਆ, ਜਦਕਿ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਦੇਸ਼ ਨੂੰ ਸਭ ਤੋਂ ਵੱਡੀ ਖੁਸ਼ਖਬਰੀ ਦਿੱਤੀ। ਮੁੱਕੇਬਾਜ਼ ਲਵਲੀਨਾ ਨੇ ਟੋਕੀਓ ਓਲੰਪਿਕਸ ਵਿੱਚ ਮੀਰਾ ਬਾਈ ਚਾਨੂ ਤੋਂ ਬਾਅਦ ਦੇਸ਼ ਲਈ ਦੂਜਾ ਤਗਮਾ ਪੱਕਾ ਕੀਤਾ ਹੈ। ਲਵਲੀਨਾ ਨੇ ਅੱਜ ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਦੀ ਮੁੱਕੇਬਾਜ਼ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।

ਕੁਆਰਟਰ ਫਾਈਨਲ ਵਿਚ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਚੀਨੀ ਤਾਈਪੇ ਦੇ ਮੁੱਕੇਬਾਜ਼ ਨੂੰ ਹਰਾਇਆ। ਚੀਨੀ ਤਾਈਪੇ ਦੀ ਇੱਕ ਮੁੱਕੇਬਾਜ਼ ਦੇ ਵਿਰੁੱਧ, ਲਵਲੀਨਾ ਨੇ ਆਪਣਾ ਪਹਿਲਾ ਰਾਊਂਡ ਜਿੱਤਿਆ। ਟੋਕਿਓ ਓਲੰਪਿਕਸ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੋਵੇਗਾ। ਹੁਣ ਲਵਲੀਨਾ 3 ਅਗਸਤ ਨੂੰ ਸੈਮੀਫ਼ਾਈਨਲ ’ਚ ਕਾਂਸੀ ਦੇ ਤਮਗ਼ੇ ਨੂੰ ਚਾਂਦੀ ’ਚ ਬਦਲਣ ਲਈ ਤੁਰਕੀ ਦੀ ਸੁਰਮੇਨੇਲੀ ਬੁਸੇਨਾਜ਼ ਖਿਲਾਫ ਰਿੰਗ ’ਚ ਉਤਰੇਗੀ।

ਲਵਲੀਨਾ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਮੁਕਾਬਲਾ ਜਿੱਤ ਜਾਵੇਗੀ। ਓਲੰਪਿਕ ’ਚ ਮੈਡਲ ਜਿੱਤਣ ਵਾਲੀ ਉਹ ਤੀਜੀ ਭਾਰਤੀ ਮੁੱਕੇਬਾਜ਼ ਹੋਵੇਗੀ। ਵਿਜੇਂਦਰ ਸਿੰਘ ਨੇ 2008 ਦੇ ਬੀਜਿੰਗ ਓਲੰਪਿਕ ਤੇ ਮੈਰੀਕਾਮ ਨੇ 2012 ਲੰਡਨ ਗੇਮਜ਼ ’ਚ ਕਾਂਸੀ ਤਮਗ਼ੇ ਜਿੱਤੇ ਹਨ।

ਲਵਲੀਨਾ ਨੇ ਆਪਣੀਆਂ ਜੁੜਵਾ ਭੈਣਾਂ ਲੀਚਾ ਅਤੇ ਲੀਮਾ ਨੂੰ ਵੇਖ ਕੇ ਕਿੱਕਬਾਕਸਿੰਗ ਦੀ ਸ਼ੁਰੂਆਤ ਕੀਤੀ ਸੀ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਆਸਾਮ ਰੀਜਨਲ ਸੈਂਟਰ ਵਿਚ ਚੁਣੇ ਜਾਣ ਤੋਂ ਬਾਅਦ, ਉਸਨੇ ਬਾਕਸਿੰਗ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ। ਉਸ ਦੀਆਂ ਦੋਵੇਂ ਭੈਣਾਂ ਕਿੱਕ ਬਾਕਸਿੰਗ ਵਿਚ ਰਾਸ਼ਟਰੀ ਪੱਧਰ 'ਤੇ ਤਗਮੇ ਵੀ ਜਿੱਤ ਚੁੱਕੀਆਂ ਹਨ।

ਲਵਲੀਨਾ ਨੂੰ ਬਚਪਨ ਵਿਚ ਬਹੁਤ ਸੰਘਰਸ਼ ਕਰਨਾ ਪਿਆ। ਉਸਦੇ ਪਿਤਾ ਟਿਕੇਨ ਬੋਰਗੋਹੇਨ ਦੀ ਇੱਕ ਛੋਟੀ ਜਿਹੀ ਦੁਕਾਨ ਸੀ। ਸ਼ੁਰੂਆਤੀ ਪੜਾਅ ਵਿਚ, ਲਵਲੀਨਾ ਕੋਲ ਇਕ ਟਰੈਕਸੂਟ ਵੀ ਨਹੀਂ ਸੀ। ਸਾਜ਼-ਸਾਮਾਨ ਅਤੇ ਖੁਰਾਕ ਲਈ ਸੰਘਰਸ਼ ਕਰਨਾ ਪਿਆ।