Paris Olympics 2024 Hockey : ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 2-0 ਨਾਲ ਹਰਾਇਆ, ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ 2 ਗੋਲ
ਕਪਤਾਨ ਹਰਮਨਪ੍ਰੀਤ ਸਿੰਘ ਦਾ ਦੋਹਰਾ ਧਮਾਕਾ, ਹਾਕੀ 'ਚ ਭਾਰਤ ਨੂੰ ਮਿਲੀ ਦੂਜੀ ਜਿੱਤ
Paris Olympics 2024 Hockey : ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ, ਜਿਨ੍ਹਾਂ ਨੂੰ ਪ੍ਰਮੁੱਖ ਤੌਰ 'ਤੇ ਸਰਪੰਚ ਸਾਹਬ ਵਜੋਂ ਜਾਣਿਆ ਜਾਂਦਾ ਹੈ, ਨੇ ਪੈਰਿਸ ਓਲੰਪਿਕਸ 2024 'ਚ ਹਾਕੀ ਦੇ ਗਰੁੱਪ ਪੜਾਅ ਦੇ ਤੀਜੇ ਮੈਚ ਵਿੱਚ ਆਇਰਲੈਂਡ ਵਿਰੁੱਧ ਜਿੱਤ ਲਈ ਦੋ ਮਹੱਤਵਪੂਰਨ ਗੋਲ ਕੀਤੇ।
ਪੈਰਿਸ ਓਲੰਪਿਕ 2024 ਵਿੱਚ ਜਿੱਥੇ ਭਾਰਤ ਨੇ ਅਜੇ ਤਕ ਕੋਈ ਮੈਚ ਨਹੀਂ ਹਾਰਿਆ, ਉੱਥੇ ਹੀ ਦੇਸ਼ ਨੇ ਇੱਕ ਨਵੀਂ ਪ੍ਰਾਪਤੀ ਵੀ ਹਾਸਲ ਕੀਤੀ ਹੈ ਕਿਉਂਕਿ ਇਸ ਓਲੰਪਿਕਸ ਵਿੱਚ ਪਹਿਲੀ ਵਾਰ ਭਾਰਤ ਨੇ ਮੈਚ ਵਿੱਚ ਪਹਿਲਾ ਗੋਲ ਕੀਤਾ। ਇਸ ਤੋਂ ਇਲਾਵਾ ਪਹਿਲੇ ਕੁਆਰਟਰ ਵਿੱਚ ਵੀ ਭਾਰਤ ਵੱਲੋਂ ਪਹਿਲੀ ਵਾਰ ਪਹਿਲਾ ਗੋਲ ਕੀਤਾ ਗਿਆ।
ਭਾਰਤ ਲਈ ਸਭ ਤੋਂ ਵਧੀਆ ਹਿੱਸਾ ਸ਼ੁਰੂਆਤੀ ਬੜ੍ਹਤ ਸੀ ਜੋ ਹਰਮਨਪ੍ਰੀਤ ਸਿੰਘ ਨੇ ਦਿਵਾਈ ਸੀ ਕਿਉਂਕਿ ਮੈਚ ਦੇ ਸ਼ੁਰੂਆਤ 'ਚ ਹੀ ਉਨ੍ਹਾਂ ਨੇ ਪੈਨਲਟੀ ਸਟ੍ਰੋਕ ਨੂੰ ਗੋਲ 'ਚ ਤਬਦੀਲ ਕੀਤਾ। ਦੂਜੇ ਪਾਸੇ, ਭਾਰਤ ਨੇ ਪਹਿਲੇ 2 ਕੁਆਰਟਰਾਂ ਵਿੱਚ ਕੋਈ ਵੀ ਪੈਨਲਟੀ ਕਾਰਨਰ ਨਹੀਂ ਦਿੱਤਾ ਜੋ ਇਸ ਮੈਚ ਵਿੱਚ ਭਾਰਤ ਦੇ ਡੀਫੈਂਸ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਬਾਅਦ ਵਿੱਚ, ਭਾਰਤ ਦੇ 'ਸਰਪੰਚ ਸਾਹਬ' ਹਰਮਨਪ੍ਰੀਤ ਸਿੰਘ ਨੇ ਉਹ ਕੀਤਾ ਜੋ ਉਹ ਸਭ ਤੋਂ ਵਧੀਆ ਕਰਦੇ ਹਨ — ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਮੈਚ ਵਿੱਚ ਬਹੁਤ ਲੋੜੀਂਦੀ ਬੜ੍ਹਤ ਦਿਵਾ ਦਿੱਤੀ।
ਹਾਲਾਂਕਿ ਇਸ ਤੋਂ ਬਾਅਦ ਆਇਰਲੈਂਡ ਨੇ ਤੀਜੇ ਕੁਆਰਟਰ ਵਿੱਚ 7 ਪੈਨਲਟੀ ਕਾਰਨਰ ਹਾਸਿਲ ਕੀਤੇ ਪਰ ਉਨ੍ਹਾਂ 'ਚੋਂ ਇੱਕ ਨੂੰ ਵੀ ਗੋਲ 'ਚ ਤਬਦੀਲ ਨਹੀਂ ਕਰ ਸਕੀ। ਬਾਅਦ ਵਿੱਚ 4ਥੇ ਕੁਆਰਟਰ ਵਿੱਚ ਦੋਵਾਂ ਟੀਮਾਂ ਵੱਲੋਂ ਬਰਾਬਰੀ ਦਾ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਆਇਰਲੈਂਡ 2-0 ਦੇ ਸਕੋਰ ਨੂੰ ਨਹੀਂ ਬਦਲ ਸਕਿਆ।
ਨਿਊਜ਼ੀਲੈਂਡ ਨੂੰ 3-2 ਨਾਲ ਹਰਾਉਣ ਅਤੇ ਅਰਜਨਟੀਨਾ ਦੇ ਖਿਲਾਫ ਮੈਚ 1-1 ਨਾਲ ਡਰਾਅ 'ਤੇ ਖਤਮ ਕਰਨ ਤੋਂ ਬਾਅਦ, ਭਾਰਤ ਨੇ ਆਇਰਲੈਂਡ ਖਿਲਾਫ ਖੇਡ ਦੇ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਦਬਦਬਾ ਬਣਾ ਕੇ ਰੱਖਿਆ।
ਇਸ ਤੋਂ ਪਹਿਲਾਂ ਭਾਰਤ ਮੱਧ-ਖੇਤਰ ਅਤੇ ਫਲੈਂਕ ਹਮਲੇ ਵਿੱਚ ਕਮਜ਼ੋਰ ਨਜ਼ਰ ਆ ਰਿਹਾ ਸੀ ਪਰ ਆਇਰਲੈਂਡ ਦੇ ਖਿਲਾਫ ਹੋਏ ਮੈਚ 'ਚ ਮਨਪ੍ਰੀਤ ਸਿੰਘ ਨੇ ਆਪਣਾ ਤਜਰਬਾ ਦਿਖਾਇਆ ਜਦਕਿ ਹਾਰਦਿਕ ਸਿੰਘ ਨੇ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ। ਇਸੇ ਤਰ੍ਹਾਂ ਭਾਰਤ ਨੇ ਆਪਣੇ ਲੰਬੇ ਪਾਸਾਂ 'ਤੇ ਵੀ ਕਾਫੀ ਮਿਹਨਤ ਕੀਤੀ ਜੋ ਕਿ ਨਿਊਜ਼ੀਲੈਂਡ ਅਤੇ ਅਰਜਨਟੀਨਾ ਦੇ ਖਿਲਾਫ ਕੁਝ ਖਾਸ ਦੇਖਣ ਨੂੰ ਨਹੀਂ ਮਿਲ ਰਿਹਾ ਸੀ।
ਹੁਣ ਭਾਰਤ ਨੇ ਪੈਰਿਸ ਓਲੰਪਿਕ 2024 ਦੇ ਗਰੁੱਪ ਪੜਾਅ ਵਿੱਚ ਆਇਰਲੈਂਡ ਨੂੰ ਹਰਾ ਦਿੱਤਾ ਹੈ ਪਰ ਉਨ੍ਹਾਂ ਲਈ ਅੱਗੇ ਦਾ ਰਸਤਾ ਆਸਾਨ ਨਹੀਂ ਹੋਵੇਗਾ ਕਿਉਂਕਿ ਭਾਰਤੀ ਟੀਮ ਦਾ ਅੱਗਲਾ ਮੈਚ ਦੋ ਵੱਡੀਆਂ ਟੀਮਾਂ - ਬੈਲਜੀਅਮ ਅਤੇ ਆਸਟਰੇਲੀਆ ਦੇ ਨਾਲ ਹੈ।
ਜ਼ਿਕਰਯੋਗ ਹੈ ਕਿ ਇਹ ਬੈਲਜੀਅਮ ਉਹੀ ਟੀਮ ਹੈ ਜਿਸ ਨੇ ਟੋਕੀਓ ਓਲੰਪਿਕ 2020 ਦੇ ਫਾਈਨਲ 'ਚ ਪ੍ਰਵੇਸ਼ ਕਰਨ ਦੇ ਭਾਰਤ ਦੇ ਸੁਪਨੇ ਨੂੰ ਚੂਰ ਚੂਰ ਕਰ ਦਿੱਤਾ ਸੀ ਕਿਉਂਕਿ ਸੈਮੀਫਾਈਨਲ ਮੈਚ 'ਚ ਭਾਰਤ ਨੂੰ 5-4 ਨਾਲ ਹਰਾਇਆ ਗਿਆ ਸੀ। ਭਾਵੇਂ ਭਾਰਤ ਨੇ ਓਲੰਪਿਕ 'ਚ 41 ਸਾਲ ਬਾਅਦ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਿਆ ਸੀ, ਪਰ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਇੰਡੀਆ ਬੈਲਜੀਅਮ ਦੇ ਖਿਲਾਫ 2020 ਦਾ ਬਦਲਾ ਲੈਣ ਲਈ ਤੁਰੇਗੀ ਤੇ ਪੂਰੀ ਉਮੀਦ ਹੈ ਕਿ ਇਸ ਵਾਰ ਆਪਣੇ ਗਰੁਪ ਵਿੱਚ ਸਿਖਰ 'ਤੇ ਖਤਮ ਕਰੇਗੀ।