ਏਸ਼ੀਆਈ ਖੇਡਾਂ: ਭਾਰਤ ਨੇ ਹਾਕੀ ਵਿਚ ਪਾਕਿਸਤਾਨ ਨੂੰ 10-2 ਨਾਲ ਹਰਾਇਆ, ਲਗਾਤਾਰ ਚੌਥੀ ਜਿੱਤ ਕੀਤੀ ਹਾਸਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀਮ ਇੰਡੀਆ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਚਾਰ ਗੋਲ ਕੀਤੇ ਜਦਕਿ ਵਰੁਣ ਨੇ ਦੋ ਗੋਲ ਕੀਤੇ।

Asian Games: India defeated Pakistan 10-2 in hockey, won their fourth in a row

ਹਾਂਗਜੂ - ਹਾਂਗਜ਼ੂ ਏਸ਼ੀਆਈ ਖੇਡਾਂ 'ਚ ਪੁਰਸ਼ ਹਾਕੀ ਵਿਚ ਭਾਰਤ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ 'ਚ ਟੀਮ ਇੰਡੀਆ ਨੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਸੈਮੀਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ। ਹੁਣ ਪੂਲ-ਏ ਦੇ ਆਖਰੀ ਮੈਚ ਵਿਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ।

ਟੀਮ ਇੰਡੀਆ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਚਾਰ ਗੋਲ ਕੀਤੇ ਜਦਕਿ ਵਰੁਣ ਨੇ ਦੋ ਗੋਲ ਕੀਤੇ। ਲਲਿਤ, ਸ਼ਮਸ਼ੇਰ, ਮਨਦੀਪ ਅਤੇ ਸੁਮਿਤ ਨੇ ਇੱਕ-ਇੱਕ ਗੋਲ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ-ਪਾਕਿਸਤਾਨ ਹਾਕੀ ਮੈਚ ਵਿਚ ਕਿਸੇ ਟੀਮ ਨੇ 10 ਗੋਲ ਕੀਤੇ ਹਨ। ਭਾਰਤ ਨੇ ਇਹ ਰਿਕਾਰਡ ਬਣਾਇਆ ਹੈ।
ਪਹਿਲੇ ਕੁਆਰਟਰ ਵਿਚ ਭਾਰਤ ਨੇ ਅੱਠਵੇਂ ਮਿੰਟ ਵਿਚ ਹੀ ਪਹਿਲਾ ਗੋਲ ਕੀਤਾ। ਮਨਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਟੀਮ ਇੰਡੀਆ ਨੂੰ 1-0 ਦੀ ਬੜ੍ਹਤ ਦਿਵਾਈ।

ਇਸ ਤੋਂ ਬਾਅਦ 11ਵੇਂ ਮਿੰਟ 'ਚ ਪਾਕਿਸਤਾਨੀ ਗੋਲਕੀਪਰ ਦੇ ਫਾਊਲ 'ਤੇ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ। ਇਸ 'ਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕਰ ਕੇ ਭਾਰਤੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਭਾਰਤੀ ਟੀਮ ਨੇ ਪਹਿਲੇ ਕੁਆਰਟਰ ਵਿਚ 2-0 ਦੀ ਬੜ੍ਹਤ ਬਣਾ ਲਈ ਸੀ। ਦੂਜੇ ਕੁਆਰਟਰ ਦੇ 17ਵੇਂ ਮਿੰਟ 'ਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ 'ਤੇ ਡਰੈਗ ਫਲਿੱਕ ਨਾਲ ਸ਼ਾਨਦਾਰ ਗੋਲ ਕੀਤਾ ਅਤੇ ਟੀਮ ਇੰਡੀਆ ਦੀ ਬੜ੍ਹਤ 3-0 ਨਾਲ ਵਧਾ ਦਿੱਤੀ। ਇਸ ਤੋਂ ਬਾਅਦ 30ਵੇਂ ਮਿੰਟ ਯਾਨੀ ਦੂਜੇ ਕੁਆਰਟਰ ਦੇ ਆਖ਼ਰੀ ਪਲਾਂ 'ਚ ਸੁਮਿਤ, ਲਲਿਤ ਅਤੇ ਗੁਰਜੰਟ ਦੇ ਸੁਮੇਲ ਦੀ ਬਦੌਲਤ ਭਾਰਤ ਨੇ ਚੌਥਾ ਗੋਲ ਕੀਤਾ। ਅੱਧੇ ਸਮੇਂ ਤੱਕ ਭਾਰਤ ਨੇ ਪਾਕਿਸਤਾਨ 'ਤੇ 4-0 ਦੀ ਬੜ੍ਹਤ ਬਣਾ ਲਈ ਸੀ।  

ਤੀਜੇ ਕੁਆਰਟਰ ਦੇ 33ਵੇਂ ਮਿੰਟ 'ਚ ਪਾਕਿਸਤਾਨ ਵੱਲੋਂ ਕੀਤੇ ਗਏ ਫਾਊਲ 'ਤੇ ਭਾਰਤ ਨੂੰ ਇਕ ਹੋਰ ਪੈਨਲਟੀ ਸਟ੍ਰੋਕ ਮਿਲਿਆ। ਇਸ 'ਤੇ ਕਪਤਾਨ ਹਰਮਨਪ੍ਰੀਤ ਨੇ ਗੋਲਾਂ ਦੀ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਬਾਅਦ 34ਵੇਂ ਮਿੰਟ ਵਿਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ’ਤੇ ਡਰੈਗ ਫਲਿੱਕ ਨਾਲ ਚੌਕਾ ਜੜ ਦਿੱਤਾ। 38ਵੇਂ ਮਿੰਟ 'ਚ ਪਾਕਿਸਤਾਨ ਦੇ ਸੂਫੀਆਨ ਮੁਹੰਮਦ ਨੇ ਪੈਨਲਟੀ ਕਾਰਨਰ 'ਤੇ ਡਰੈਗ ਫਲਿੱਕ ਨਾਲ ਸ਼ਾਨਦਾਰ ਗੋਲ ਕੀਤਾ।

ਮੈਚ ਵਿਚ ਪਾਕਿਸਤਾਨ ਦਾ ਇਹ ਪਹਿਲਾ ਗੋਲ ਸੀ। ਇਸ ਤੋਂ ਬਾਅਦ 41ਵੇਂ ਮਿੰਟ 'ਚ ਸੁਖਜੀਤ ਦੇ ਪਾਸ 'ਤੇ ਭਾਰਤ ਦੇ ਵਰੁਣ ਕੁਮਾਰ ਨੇ ਸ਼ਾਨਦਾਰ ਗੋਲ ਕਰਕੇ ਭਾਰਤ ਦੀ ਲੀਡ 7-1 ਨਾਲ ਵਧਾ ਦਿੱਤੀ। ਇਸ ਤੋਂ ਬਾਅਦ ਤੀਜੇ ਕੁਆਰਟਰ ਦੇ ਆਖ਼ਰੀ ਪਲਾਂ ਵਿਚ ਪਾਕਿਸਤਾਨ ਦੇ ਅਬਦੁਲ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਪਾਕਿਸਤਾਨ ਲਈ ਵਾਪਸੀ ਕੀਤੀ। ਭਾਰਤ ਨੇ ਤੀਜੇ ਕੁਆਰਟਰ 'ਚ ਪਾਕਿਸਤਾਨ 'ਤੇ 7-2 ਦੀ ਬੜ੍ਹਤ ਬਣਾ ਲਈ ਸੀ।

ਭਾਰਤ ਦੇ ਸ਼ਮਸ਼ੇਰ ਨੇ ਚੌਥੇ ਕੁਆਰਟਰ ਦੇ 46ਵੇਂ ਮਿੰਟ ਵਿਚ ਸ਼ਾਨਦਾਰ ਮੈਦਾਨੀ ਗੋਲ ਕੀਤਾ। ਇਸ ਮੈਚ ਵਿਚ ਭਾਰਤ ਦਾ ਇਹ ਅੱਠਵਾਂ ਗੋਲ ਸੀ। ਇਸ ਤੋਂ ਬਾਅਦ 49ਵੇਂ ਮਿੰਟ ਵਿਚ ਜਰਮਨਪ੍ਰੀਤ ਸਿੰਘ ਵੱਲੋਂ ਲਲਿਤ ਉਪਾਧਿਆਏ ਨੇ ਗੋਲ ਕਰ ਕੇ ਭਾਰਤ ਦੀ ਲੀਡ 9-2 ਨਾਲ ਵਧਾ ਦਿੱਤੀ। ਵਰੁਣ ਨੇ 53ਵੇਂ ਮਿੰਟ ਵਿਚ ਮੈਚ ਦਾ ਆਪਣਾ ਦੂਜਾ ਅਤੇ ਭਾਰਤ ਦਾ 10ਵਾਂ ਗੋਲ ਕੀਤਾ। ਇਸ ਤਰ੍ਹਾਂ ਟੀਮ ਇੰਡੀਆ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ।