ਪੰਜਾਬ ਦੀ ਮੰਜੂ ਰਾਣੀ ਨੇ 10 ਕਿਲੋਮੀਟਰ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ 

ਏਜੰਸੀ

ਖ਼ਬਰਾਂ, ਖੇਡਾਂ

ਪੁਰਸ਼ਾਂ ਦੇ 10 ਕਿਲੋਮੀਟਰ ਮੁਕਾਬਲੇ ’ਚ ਵੀ ਪੰਜਾਬ ਦੇ ਸਾਹਿਲ ਨੇ ਤਜਰਬੇਕਾਰ ਖਿਡਾਰੀਆਂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ

Manju Rani

ਚੰਡੀਗੜ੍ਹ: ਪੰਜਾਬ ਦੀ ਮੰਜੂ ਰਾਣੀ ਨੇ ਨੈਸ਼ਨਲ ਓਪਨ ਰੇਸ ਵਾਕ ਚੈਂਪੀਅਨਸ਼ਿਪ ’ਚ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸੀਨੀਅਰ ਮਹਿਲਾਵਾਂ ਦੇ 10 ਕਿਲੋਮੀਟਰ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ। 

ਉਸ ਨੇ ਮੰਗਲਵਾਰ ਨੂੰ ਔਰਤਾਂ ਦੀ 20 ਕਿਲੋਮੀਟਰ ਦੌੜ ਵਿਚ ਸੋਨ ਤਮਗਾ ਜਿੱਤਣ ਤੋਂ ਇਕ ਦਿਨ ਬਾਅਦ 10 ਕਿਲੋਮੀਟਰ ਮੁਕਾਬਲੇ ਵਿਚ ਵੀ ਦਬਦਬਾ ਬਣਾਇਆ। ਇਸ ਜਿੱਤ ਨਾਲ, ਉਸ ਨੇ 2024 ਓਲੰਪਿਕ ਖੇਡਾਂ ’ਚ ਪਹਿਲੀ ਵਾਰ ਸ਼ਾਮਲ ਮਿਕਸਡ ਰਿਲੇਅ ਰੇਸ ਵਾਕਿੰਗ ਟੀਮ ’ਚ ਜਗ੍ਹਾ ਬਣਾਉਣ ਲਈ ਅਪਣਾ ਦਾਅਵਾ ਮਜ਼ਬੂਤ ਕੀਤਾ। 

ਮੰਜੂ 45 ਮਿੰਟ ਅਤੇ 20 ਸਕਿੰਟਾਂ ਦਾ ਸਮਾਂ ਲੈ ਕੇ 10 ਕਿਲੋਮੀਟਰ ਦੇ ਮੁਕਾਬਲੇ ’ਚ ਸਿਖਰ ’ਤੇ ਰਹੀ। ਦੋ ਦਿਨਾ ਮੁਕਾਬਲੇ ’ਚ ਦੋਹਰੀ ਸਫਲਤਾ ਹਾਸਲ ਕਰਨ ਤੋਂ ਬਾਅਦ ਉਸ ਨੇ ਕਿਹਾ, ‘‘ਇਸ ਸਾਲ ਮੇਰਾ ਮੁੱਖ ਧਿਆਨ ਮਿਕਸਡ ਰਿਲੇਅ ’ਤੇ ਹੋਵੇਗਾ ਅਤੇ ਮੈਨੂੰ ਉਮੀਦ ਹੈ ਕਿ ਮੈਂ ਓਲੰਪਿਕ ਖੇਡਾਂ ’ਚ ਭਾਰਤ ਦੀ ਨੁਮਾਇੰਦਗੀ ਕਰ ਸਕਾਂਗੀ।’’

ਭਾਰਤੀ ਅਥਲੈਟਿਕਸ ਫੈਡਰੇਸ਼ਨ (ਏ.ਐਫ.ਆਈ.) ਨੇ ਕੌਮੀ ਟੀਮ ਲਈ ਸੰਭਾਵਤ ਐਥਲੀਟਾਂ ਦੀ ਚੋਣ ਕਰਨ ਲਈ ਸੀਨੀਅਰ 10 ਕਿਲੋਮੀਟਰ ਦੌੜ ਮੁਕਾਬਲੇ ਨੂੰ ਪ੍ਰੋਗਰਾਮ ’ਚ ਸ਼ਾਮਲ ਕੀਤਾ ਹੈ। 

ਇਸ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਚੁਣੀਆਂ ਗਈਆਂ ਟੀਮਾਂ ਅਪ੍ਰੈਲ ’ਚ ਤੁਰਕੀ ’ਚ ਹੋਣ ਵਾਲੀ ਮੈਰਾਥਨ ਰੇਸ ਵਾਕ ਮਿਕਸਡ ਰਿਲੇ ’ਚ ਹਿੱਸਾ ਲੈਣਗੀਆਂ। ਇਸ ਮੁਕਾਬਲੇ ਦੀਆਂ ਚੋਟੀ ਦੀਆਂ 22 ਟੀਮਾਂ ਪੈਰਿਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਗੀਆਂ। 

ਪੁਰਸ਼ਾਂ ਦੇ 10 ਕਿਲੋਮੀਟਰ ਮੁਕਾਬਲੇ ’ਚ ਪੰਜਾਬ ਦੇ ਸਾਹਿਲ ਨੇ ਤਜਰਬੇਕਾਰ ਖਿਡਾਰੀਆਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਸਾਹਿਲ ਨੇ 39 ਮਿੰਟ 25 ਸੈਕਿੰਡ ਦਾ ਸਮਾਂ ਲਿਆ। ਉਤਰਾਖੰਡ ਦੇ ਪਰਮਜੀਤ ਸਿੰਘ ਬਿਸ਼ਟ 39:36 ਸੈਕਿੰਡ ਦੇ ਸਮੇਂ ਨਾਲ ਦੂਜੇ ਅਤੇ ਏਸ਼ੀਆਈ ਕਾਂਸੀ ਤਮਗਾ ਜੇਤੂ ਦਿੱਲੀ ਦੇ ਵਿਕਾਸ ਸਿੰਘ 39:37 ਸੈਕਿੰਡ ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਹੇ। 

ਗੋਆ ਦੇ ਓਮਕਾਰ ਵਿਸ਼ਵਕਰਮਾ ਨੇ ਪੁਰਸ਼ਾਂ ਦੀ 35 ਕਿਲੋਮੀਟਰ ਦੌੜ 2 ਘੰਟੇ, 39 ਮਿੰਟ ਅਤੇ 19 ਸੈਕਿੰਡ ਦੇ ਸਮੇਂ ਨਾਲ ਜਿੱਤੀ, ਜਦਕਿ ਮਹਿਲਾ ਮੁਕਾਬਲੇ ਵਿਚ ਉੱਤਰ ਪ੍ਰਦੇਸ਼ ਦੀ ਬੰਦਨਾ ਪਟੇਲ ਨੇ 3 ਘੰਟੇ 11 ਮਿੰਟ ਅਤੇ 6 ਸੈਕਿੰਡ ਦੇ ਸਮੇਂ ਨਾਲ ਦੌੜ ਜਿੱਤੀ।