ਭਾਰਤ ਨੇ ਨਿਊਜ਼ੀਲੈਂਡ ਨੂੰ 46 ਦੌੜਾਂ ਨਾਲ ਹਰਾਇਆ, ਸੀਰੀਜ਼ 4–1 ਨਾਲ ਅਪਣੇ  ਨਾਮ ਕੀਤੀ  

ਏਜੰਸੀ

ਖ਼ਬਰਾਂ, ਖੇਡਾਂ

ਅਰਸ਼ਦੀਪ ਸਿੰਘ ਨੇ ਸ਼ਾਨਦਾਰ ਵਾਪਸੀ ਕਰਦਿਆਂ 5 ਵਿਕਟਾਂ ਲਈਆਂ

ਅਰਸ਼ਦੀਪ ਸਿੰਘ ਨੇ ਸ਼ਾਨਦਾਰ ਵਾਪਸੀ ਕਰਦਿਆਂ 5 ਵਿਕਟਾਂ ਲਈਆਂ

ਥਿਰੁਵਨੰਥਪੁਰਮ ਵਿਚ ਖੇਡੇ ਗਏ ਪੰਜਵੇਂ ਟੀ.20 ਮੈਚ ਵਿਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਨੂੰ 46 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ 4–1 ਨਾਲ ਜਿੱਤ ਲਈ।  

ਇਸ਼ਾਨ ਕਿਸ਼ਨ ਨੇ ਅਪਣੀ ਪਹਿਲੀ ਟੀ.20ਆਈ. ਸੈਂਚਰੀ (103 ਰਨ, 43 ਗੇਂਦਾਂ, 6 ਚੌਕੇ, 10 ਛੱਕੇ) ਬਣਾਈ। ਇਸ ਦੇ ਨਾਲ ਹੀ ਉਸ ਨੇ 1000 ਟੀ.20ਆਈ. ਦੌੜਾਂ ਦਾ ਅੰਕੜਾ ਵੀ ਪਾਰ ਕੀਤਾ।  ਕਪਤਾਨ ਸੂਰਯਕੁਮਾਰ ਯਾਦਵ ਨੇ 63 ਰਨ (30 ਗੇਂਦਾਂ) ਬਣਾਕੇ 3000 ਟੀ.20ਆਈ. ਰਨਾਂ ਦਾ ਮੀਲ ਪੱਥਰ ਪਾਰ ਕੀਤਾ।  ਜਦਕਿ ਹਾਰਦਿਕ ਪੰਡਿਆ ਨੇ 42 ਰਨ (17 ਗੇਂਦਾਂ) ਨਾਲ ਭਾਰਤ ਦੀ ਪਾਰੀ ਦਾ ਧਮਾਕੇਦਾਰ ਅੰਤ ਕੀਤਾ। ਭਾਰਤ ਨੇ 271/5 ਦਾ ਵੱਡਾ ਸਕੋਰ ਬਣਾਇਆ, ਜਿਸ ਵਿਚ ਆਖ਼ਰੀ 11 ਓਵਰਾਂ ਵਿਚ 189 ਦੌੜਾਂ ਬਣੀਆਂ।  

ਗੇਂਦਬਾਜ਼ੀ ਵਿਚ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਵਾਪਸੀ ਕਰਦਿਆਂ 5 ਵਿਕਟਾਂ (51 ਰਨ) ਲਈਆਂ। ਅਕਸਰ ਪਟੇਲ (3/33) ਅਤੇ ਵਰੁਣ ਚਕਰਵਰਤੀ (1/36) ਨੇ ਮੱਧ ਓਵਰਾਂ ਵਿਚ ਨਿਊਜ਼ੀਲੈਂਡ ਨੂੰ ਰੋਕਿਆ।  

ਨਿਊਜ਼ੀਲੈਂਡ ਵਲੋਂ  ਸਿਰਫ਼ ਫਿਨ ਐਲਨ ਕੁੱਝ ਟਿਕ ਕੇ ਖੇਡ ਸਕੇ ਜਿਸ ਨੇ 80 ਦੌੜਾਂ (38 ਗੇਂਦਾਂ) ਬਣਾਈਆਂ, ਜਦੋਂਕਿ ਰਚਿਨ ਰਵਿੰਦਰ ਨੇ 30 ਦੌੜਾਂ (17 ਗੇਂਦਾਂ) ਜੋੜੀਆਂ। ਪਰ ਟੀਮ ਵੱਡੇ ਟੀਚੇ ਦਾ ਪਿੱਛਾ ਕਰਨ ਵਿਚ ਅਸਫਲ ਰਹੀ।  

ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇਸ਼ਾਨ ਕਿਸ਼ਨ ‘ਪਲੇਅਰ ਆਫ਼ ਦ ਮੈਚ’ ਰਹੇ। ਇਸ ਜਿੱਤ ਨਾਲ ਭਾਰਤ ਨੇ ਟੀ.20 ਵਰਲਡ ਕੱਪ ਤੋਂ ਪਹਿਲਾਂ ਅਪਣੀ ਤਾਕਤ ਅਤੇ ਤਿਆਰੀ ਦਾ ਸਪਸ਼ਟ ਸੰਕੇਤ ਦਿਤਾ ਹੈ।