2023 ਲਈ ਹਾਕੀ ਲਈ ਪੁਰਸਕਾਰਾਂ ਦੀ ਵੰਡ, ਜਾਣੋ ਕੌਣ ਰਹੇ ਪਿਛਲੇ ਸਾਲ ਦੇ ਬਿਹਤਰੀਨ ਖਿਡਾਰੀ
ਅਸ਼ੋਕ ਕੁਮਾਰ ਨੂੰ ਲਾਈਫ਼ਟਾਈਮ ਅਚੀਵਮੈਂਟ, ਸਲੀਮਾ ਅਤੇ ਹਾਰਦਿਕ ਬਣੇ 2023 ਦੇ ਬਿਹਤਰੀਨ ਹਾਕੀ ਖਿਡਾਰੀ
ਨਵੀਂ ਦਿੱਲੀ: ਨੌਜੁਆਨ ਮਿਡਫੀਲਡਰ ਹਾਰਦਿਕ ਸਿੰਘ ਅਤੇ ਡਿਫੈਂਡਰ ਸਲੀਮਾ ਟੇਟੇ ਨੂੰ ਸਾਲ 2023 ਦੇ ਬਿਹਤਰੀਨ ਖਿਡਾਰੀ ਲਈ ‘ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਪੁਰਸਕਾਰ’ ਦਿਤਾ ਗਿਆ, ਜਦਕਿ ਮੇਜਰ ਧਿਆਨ ਚੰਦ ਦੇ ਨਾਮ ’ਤੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਉਨ੍ਹਾਂ ਦੇ ਬੇਟੇ ਅਸ਼ੋਕ ਕੁਮਾਰ ਨੂੰ ਦਿਤਾ ਗਿਆ।
ਪਿਛਲੇ ਸਾਲ ‘ਐਫ.ਆਈ.ਐਚ. ਪਲੇਅਰ ਆਫ ਦਿ ਈਅਰ’ ਦਾ ਪੁਰਸਕਾਰ ਜਿੱਤਣ ਵਾਲੇ ਹਾਰਦਿਕ ਨੇ ਪੁਰਸਕਾਰ ਦੀ ਦੌੜ ’ਚ ਪੀ.ਆਰ. ਸ਼੍ਰੀਜੇਸ਼ ਅਤੇ ਹਰਮਨਪ੍ਰੀਤ ਸਿੰਘ ਵਰਗੇ ਸੀਨੀਅਰ ਖਿਡਾਰੀਆਂ ਨੂੰ ਪਛਾੜਿਆ। ਇਹ 25 ਸਾਲ ਦਾ ਖਿਡਾਰੀ ਟੋਕੀਓ ਓਲੰਪਿਕ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਸੀ ਅਤੇ ਉਸ ਨੇ 100 ਤੋਂ ਵੱਧ ਕੌਮਾਂਤਰੀ ਮੈਚ ਖੇਡੇ ਹਨ।
ਪੁਰਸਕਾਰ ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਖਿਡਾਰੀਆਂ ਦੇ ਨਾਲ ਨਾਮਜ਼ਦ ਹੋਣਾ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਹਿਾ, ‘‘ਇਹ ਪੁਰਸਕਾਰ ਮੈਨੂੰ ਹੋਰ ਬਿਹਤਰ ਖੇਡਣ ਲਈ ਪ੍ਰੇਰਿਤ ਕਰੇਗਾ।’’
ਜਦਕਿ ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਦੀ ਰਹਿਣ ਵਾਲੀ ਟੇਟੇ ਟੋਕੀਓ ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿਣ ਵਾਲੀ ਭਾਰਤੀ ਮਹਿਲਾ ਟੀਮ ਦਾ ਹਿੱਸਾ ਸੀ। ਉਸ ਨੇ ਪੁਰਸਕਾਰ ਦੀ ਦੌੜ ’ਚ ਅਪਣੀ ਕਪਤਾਨ ਅਤੇ ਐਫ.ਆਈ.ਐਚ. ਮਹਿਲਾ ਗੋਲਕੀਪਰ ਆਫ ਦਿ ਈਅਰ ਪੁਰਸਕਾਰ ਜੇਤੂ ਸਵਿਤਾ ਪੂਨੀਆ ਨੂੰ ਹਰਾਇਆ। ਸਾਲ ਦੇ ਬਿਹਤਰੀਨ ਖਿਡਾਰੀ ਨੂੰ 25 ਲੱਖ ਰੁਪਏ ਦਾ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਮਿਲਿਆ।
ਸ਼੍ਰੀਜੇਸ਼ ਨੂੰ ਸਾਲ 2023 ਦਾ ਬਿਹਤਰੀਨ ਗੋਲਕੀਪਰ ਚੁਣਿਆ ਗਿਆ ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਇੱਥੇ ਹੋਏ ਹਾਕੀ ਇੰਡੀਆ ਸਾਲਾਨਾ ਪੁਰਸਕਾਰ ਸਮਾਰੋਹ ’ਚ ਬਿਹਤਰੀਨ ਡਿਫੈਂਡਰ ਚੁਣਿਆ ਗਿਆ। ਇਸ ਮੌਕੇ ਹਰਮਨਪ੍ਰੀਤ ਨੇ ਕਿਹਾ, ‘‘ਪੁਰਸਕਾਰ ਸਾਨੂੰ ਚੰਗਾ ਖੇਡਣ ਲਈ ਵਧੇਰੇ ਪ੍ਰੇਰਣਾ ਦਿੰਦੇ ਹਨ। ਇਸ ਨਾਲ ਟੀਮ ’ਚ ਸਿਹਤਮੰਦ ਮੁਕਾਬਲਾ ਵੀ ਹੁੰਦਾ ਹੈ ਜੋ ਹਾਕੀ ਲਈ ਚੰਗਾ ਹੈ। ਹਾਰਦਿਕ ਨੇ ਬਿਹਤਰੀਨ ਮਿਡਫੀਲਡਰ ਦਾ ਪੁਰਸਕਾਰ ਵੀ ਜਿੱਤਿਆ ਅਤੇ ਬਿਹਤਰੀਨ ਫਾਰਵਰਡ ਦਾ ਪੁਰਸਕਾਰ ਅਭਿਸ਼ੇਕ ਨੂੰ ਮਿਲਿਆ। ਬਿਹਤਰੀਨ ਉਭਰਦੇ ਅੰਡਰ-21 ਖਿਡਾਰੀ ਦਾ ਪੁਰਸਕਾਰ ਮਹਿਲਾ ਵਰਗ ’ਚ ਦੀਪਿਕਾ ਸੋਰੇਂਗ ਅਤੇ ਪੁਰਸ਼ ਵਰਗ ’ਚ ਅਰਿਜੀਤ ਸਿੰਘ ਹੁੰਦਲ ਨੂੰ ਮਿਲਿਆ।
ਮੇਜਰ ਧਿਆਨ ਚੰਦ ਲਾਈਫਟਾਈਮ ਐਵਾਰਡ ਜਿੱਤਣ ਵਾਲੇ ਅਤੇ 1975 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਸ਼ੋਕ ਕੁਮਾਰ ਨੇ ਕਿਹਾ, ‘‘ਸਾਨੂੰ ਸਰਦਾਰ ਬਲਬੀਰ ਸਿੰਘ, ਊਧਮ ਸਿੰਘ, ਕੈਪਟਨ ਰੂਪ ਸਿੰਘ, ਕੇ.ਡੀ. ਸਿੰਘ ਬਾਬੂ ਵਰਗੇ ਮਹਾਨ ਖਿਡਾਰੀਆਂ ਦੀ ਪਰੰਪਰਾ ਨੂੰ ਜਾਰੀ ਰਖਣਾ ਹੋਵੇਗਾ ਅਤੇ ਇਸ ਵਾਰ ਪੈਰਿਸ ਓਲੰਪਿਕ ਵਿਚ ਸੋਨ ਤਮਗਾ ਜਿੱਤਣਾ ਹੋਵੇਗਾ।’’
ਭਾਰਤ ਨੇ 41 ਸਾਲਾਂ ਦੀ ਉਡੀਕ ਤੋਂ ਬਾਅਦ ਟੋਕੀਓ ਓਲੰਪਿਕ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਅੱਠ ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ ਭਾਰਤੀ ਟੀਮ ਨੇ ਮਾਸਕੋ ’ਚ 1980 ’ਚ ਓਲੰਪਿਕ ’ਚ ਆਖਰੀ ਸੋਨ ਤਮਗਾ ਜਿੱਤਿਆ ਸੀ। ਅਸ਼ੋਕ ਕੁਮਾਰ ਨੇ ਕਿਹਾ, ‘‘ਖਿਡਾਰੀਆਂ ਲਈ ਕੁੱਝ ਵੀ ਅਸੰਭਵ ਨਹੀਂ ਹੈ। ਦਬਾਅ ਨੂੰ ਕਾਬੂ ’ਚ ਰਖਦੇ ਹੋਏ ਅਪਣੇ ਹੁਨਰਾਂ ਦਾ ਪ੍ਰਦਰਸ਼ਨ ਕਰੋ। ਹੁਣ ਖਿਡਾਰੀਆਂ ਕੋਲ ਸੱਭ ਤੋਂ ਵਧੀਆ ਕੋਚ, ਬੁਨਿਆਦੀ ਢਾਂਚਾ ਅਤੇ ਸਹੂਲਤਾਂ ਹਨ। ਸਾਨੂੰ ਉਮੀਦ ਹੈ ਕਿ ਇਹ ਟੀਮ ਪੈਰਿਸ ’ਚ ਸੋਨ ਤਮਗਾ ਜਿੱਤੇਗੀ ਅਤੇ ਭਾਰਤੀ ਹਾਕੀ ਦੀ ਪੁਰਾਣੀ ਸ਼ਾਨ ਵਾਪਸ ਲਿਆਏਗੀ।’’
ਇਸ ਦੇ ਨਾਲ ਹੀ 2016 ’ਚ ਲਖਨਊ ’ਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ, ਹਾਂਗਝੂ ਏਸ਼ੀਆਈ ਖੇਡਾਂ 2023 ’ਚ ਸੋਨ ਤਮਗਾ ਜੇਤੂ ਪੁਰਸ਼ ਟੀਮ ਅਤੇ ਓਮਾਨ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਮਹਿਲਾ ਟੀਮ, ਓਮਾਨ ’ਚ 2023 ਜੂਨੀਅਰ ਏਸ਼ੀਆ ਕੱਪ ਜਿੱਤਣ ਵਾਲੀ ਪੁਰਸ਼ ਟੀਮ, ਜਾਪਾਨ ’ਚ ਜੂਨੀਅਰ ਏਸ਼ੀਆ ਕੱਪ ਜਿੱਤਣ ਵਾਲੀ ਮਹਿਲਾ ਟੀਮ, ਓਮਾਨ ’ਚ ਏਸ਼ੀਆਈ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਮਹਿਲਾ ਤੇ ਪੁਰਸ਼ ਟੀਮ, ਚੇਨਈ ’ਚ 2023 ’ਚ ਸੋਨ ਤਮਗਾ ਜਿੱਤਣ ਵਾਲੀ ਮਹਿਲਾ ਅਤੇ ਪੁਰਸ਼ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਜਿੱਤਣ ਵਾਲੀਆਂ ਮਹਿਲਾ ਟੀਮਾਂ ਨੂੰ ਵੀ ਨਕਦ ਇਨਾਮ ਅਤੇ ਪ੍ਰਸ਼ੰਸਾ ਚਿੱਠੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਬਕਾ ਓਲੰਪੀਅਨ ਹਰਬਿੰਦਰ ਸਿੰਘ, ਜ਼ਫਰ ਇਕਬਾਲ, ਅਜੀਤ ਪਾਲ ਸਿੰਘ, ਜਗਬੀਰ ਸਿੰਘ, ਜੁਗਰਾਜ ਸਿੰਘ, ਹਾਕੀ ਇੰਡੀਆ ਦੇ ਸਕੱਤਰ ਭੋਲਾਨਾਥ ਸਿੰਘ ਅਤੇ ਓਡੀਸ਼ਾ ਸਰਕਾਰ ਦੇ ਖੇਡ ਸਕੱਤਰ ਵਿਨੀਲ ਕ੍ਰਿਸ਼ਨਾ ਵੀ ਹਾਜ਼ਰ ਸਨ।