ਬੋਪੰਨਾ ਤੇ ਇਬਡੇਨ ਦੀ ਜੋੜੀ ਨੇ ਮਿਆਮੀ ਓਪਨ ਡਬਲਜ਼ ਖਿਤਾਬ ਜਿੱਤਿਆ

ਏਜੰਸੀ

ਖ਼ਬਰਾਂ, ਖੇਡਾਂ

ਰੈਂਕਿੰਗ ’ਚ ਪਹਿਲੇ ਸਥਾਨ ’ਤੇ ਵੀ ਕੀਤੀ ਵਾਪਸੀ

Matt Ebden and Rohan Bopanna

ਮਿਆਮੀ: ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਮਿਆਮੀ ਓਪਨ ’ਚ ਆਸਟਰੇਲੀਆ ਦੇ ਜੋੜੀਦਾਰ ਮੈਥਿਊ ਏਬਡੇਨ ਨਾਲ ਮਿਲ ਕੇ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਲਿਆ ਹੈ। ਇਹ ਖਿਤਾਬ ਕੇ ਉਨ੍ਹਾਂ ਸੱਭ ਤੋਂ ਉਮਰਦਰਾਜ਼ ਏ.ਟੀ.ਪੀ. ਮਾਸਟਰਜ਼ 1000 ਚੈਂਪੀਅਨ ਬਣਨ ਦੇ ਅਪਣੇ ਰੀਕਾਰਡ ’ਚ ਸੁਧਾਰ ਕੀਤਾ ਹੈ। 44 ਸਾਲਾਂ ਦੇ ਬੋਪੰਨਾ ਅਤੇ ਇਬਡੇਨ ਦੀ ਜੋੜੀ ਨੇ ਇਸ ਸਾਲ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਸਨਿਚਰਵਾਰ ਨੂੰ ਹਾਰਡ ਰਾਕ ਸਟੇਡੀਅਮ ’ਚ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਅਤੇ ਅਮਰੀਕਾ ਦੇ ਆਸਟਿਨ ਕ੍ਰਾਜੇਕ ਨੂੰ 6-7, 6-3, 10-6 ਨਾਲ ਹਰਾਇਆ।

ਇਸ ਜਿੱਤ ਨਾਲ ਬੋਪੰਨਾ ਨੇ ਪਿਛਲੇ ਸਾਲ ਬਣਾਏ ਅਪਣੇ ਹੀ ਰੀਕਾਰਡ ’ਚ ਸੁਧਾਰ ਕੀਤਾ ਹੈ। ਉਨ੍ਹਾਂ ਨੇ ਪਿਛਲੇ ਸਾਲ 43 ਸਾਲ ਦੀ ਉਮਰ ’ਚ ਇੰਡੀਅਨ ਵੇਲਜ਼ ਦਾ ਖਿਤਾਬ ਜਿੱਤਿਆ ਸੀ। ਇਸ ਜਿੱਤ ਨਾਲ ਉਹ ਡਬਲਜ਼ ਰੈਂਕਿੰਗ ’ਚ ਵੀ ਸਿਖਰ ’ਤੇ ਪਹੁੰਚ ਗਏ ਹਨ। ਬੋਪੰਨਾ ਨੇ ਜਿੱਤ ਤੋਂ ਬਾਅਦ ਕਿਹਾ, ‘‘ਇਹ ਹੈਰਾਨੀਜਨਕ ਹੈ। ਅਸੀਂ ਇਨ੍ਹਾਂ ਵੱਡੇ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ, ਇਸੇ ਲਈ ਅਸੀਂ ਖੇਡਦੇ ਹਾਂ।’’

ਇਸ ਸਾਲ ਆਸਟਰੇਲੀਆਈ ਓਪਨ ’ਚ ਅਪਣਾ ਪਹਿਲਾ ਡਬਲਜ਼ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਬੋਪੰਨਾ ਨੇ ਕਿਹਾ, ‘‘ਮੈਂ ਮਾਸਟਰਜ਼ 1000 ਅਤੇ ਗ੍ਰੈਂਡ ਸਲੈਮ ’ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਉਸ ਰੀਕਾਰਡ ਨੂੰ ਬਰਕਰਾਰ ਰਖਣਾ ਅਤੇ ਬਾਕੀ ਸਾਰਿਆਂ ਨੂੰ ਸਖਤ ਟੱਕਰ ਦੇਣਾ ਚੰਗਾ ਹੈ।’’

ਬੋਪੰਨਾ ਦਾ ਇਹ 14ਵਾਂ ਏ.ਟੀ.ਪੀ. ਮਾਸਟਰਜ਼ 1000 ਫਾਈਨਲ ਸੀ। ਇਹ ਤਜਰਬੇਕਾਰ ਭਾਰਤੀ ਦਾ 63ਵਾਂ ਏ.ਟੀ.ਪੀ. ਟੂਰ ਪੱਧਰ ਦਾ ਫਾਈਨਲ ਅਤੇ 26ਵਾਂ ਡਬਲਜ਼ ਖਿਤਾਬ ਸੀ। ਬੋਪੰਨਾ ਨੇ ਇਸ ਦੌਰਾਨ ਇਕ ਹੋਰ ਪ੍ਰਾਪਤੀ ਹਾਸਲ ਕੀਤੀ। ਉਹ ਲਿਏਂਡਰ ਪੇਸ ਤੋਂ ਬਾਅਦ ਸਾਰੇ ਨੌਂ ਏਟੀਪੀ ਮਾਸਟਰਜ਼ ਮੁਕਾਬਲਿਆਂ ਦੇ ਫਾਈਨਲ ’ਚ ਪਹੁੰਚਣ ਵਾਲੇ ਦੂਜੇ ਭਾਰਤੀ ਬਣ ਗਏ ਹਨ।