ਉੱਚੀ ਛਾਲ ਮੁਕਾਬਲੇ ਵਿਚ ਮਰੀਯੱਪਨ ਨੇ ਚਾਂਦੀ ਅਤੇ ਸ਼ਰਦ ਨੇ ਕਾਂਸੀ ਦਾ ਤਗਮਾ ਜਿੱਤਿਆ
ਟੋਕੀਓ ਖੇਡਾਂ ਦੀ ਉੱਚੀ ਛਾਲ ਵਿਚ ਭਾਰਤ ਦੇ ਹੁਣ ਤਿੰਨ ਤਮਗੇ ਹਨ
ਟੋਕੀਉ - ਟੋਕੀਓ ਪੈਰਾਲਿੰਪਿਕਸ ਵਿਚ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੰਗਲਵਾਰ ਨੂੰ ਭਾਰਤ ਦੀ ਝੋਲੀ 2 ਹੋਰ ਤਮਗੇ ਪਏ। ਮਰੀਯੱਪਨ ਥੰਗਾਵੇਲੂ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ, ਜਦਕਿ ਸ਼ਰਦ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਪੁਰਸ਼ਾਂ ਦੀ ਉੱਚੀ ਛਾਲ ਟੀ 63 ਈਵੈਂਟ ਵਿਚ ਮਾਰੀਯੱਪਨ ਨੇ 1.86 ਮੀਟਰ ਦੀ ਉੱਚੀ ਛਾਲ ਲਗਾਈ ਜਦੋਂ ਕਿ ਸ਼ਰਦ ਨੇ 1.83 ਮੀਟਰ ਦੀ ਛਾਲ ਲਗਾਈ ਹੈ।
ਅਮਰੀਕਾ ਦਾ ਸੈਮ ਕਰੂ ਸੋਨ ਤਮਗਾ ਜਿੱਤਣ ਵਿਚ ਕਾਮਯਾਬ ਰਿਹਾ ਹੈ। ਟੋਕੀਓ ਖੇਡਾਂ ਦੀ ਉੱਚੀ ਛਾਲ ਵਿਚ ਭਾਰਤ ਦੇ ਹੁਣ ਤਿੰਨ ਤਮਗੇ ਹਨ। ਇਸ ਤੋਂ ਪਹਿਲਾਂ, ਭਾਰਤ ਦੇ ਨਿਸ਼ਾਦ ਕੁਮਾਰ ਨੇ ਐਤਵਾਰ ਨੂੰ ਏਸ਼ੀਅਨ ਰਿਕਾਰਡ ਦੇ ਨਾਲ ਪੁਰਸ਼ਾਂ ਦੀ ਉੱਚੀ ਛਾਲ ਟੀ 47 ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਇਸ ਦੇ ਨਾਲ ਹੀ ਮਾਰੀਯੱਪਨ ਥੰਗਾਵੇਲੂ ਨੇ ਪੈਰਾਲੰਪਿਕ ਖੇਡਾਂ ਵਿਚ ਲਗਾਤਾਰ ਦੂਸਰਾ ਤਮਗਾ ਜਿੱਤਣ ਦੀ ਉਪਲਬਧੀ ਹਾਸਿਲ ਕੀਤੀ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਰੀਓ 2016 ਵਿਚ ਵੀ ਸੋਨਾ ਤਮਗਾ ਜਿੱਤਿਆ ਸੀ। ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ।