GNDU ਦੇ ਨਿਸ਼ਾਨੇਬਾਜ਼ਾਂ ਨੇ ਰਚਿਆ ਇਤਿਹਾਸ, ਕਜ਼ਾਕਿਸਤਾਨ ’ਚ 8 ਨਿਸ਼ਾਨੇਬਾਜ਼ਾਂ ਨੇ ਜਿੱਤੇ ਤਮਗ਼ੇ

ਏਜੰਸੀ

ਖ਼ਬਰਾਂ, ਖੇਡਾਂ

ਕਜ਼ਾਕਿਸਤਾਨ ਦੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ’ਚ ਮਾਰੀਆਂ ਮੱਲਾਂ, ਬਣਾਇਆ ਰਿਕਾਰਡ 

GNDU Shooters Create History, 8 Shooters Win Medals in Kazakhstan Latest News in Punjabi 

GNDU Shooters Create History, 8 Shooters Win Medals in Kazakhstan Latest News in Punjabi ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਅਤੇ ਪੰਜਾਬ ਰਾਜ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੱਠ ਨਿਸ਼ਾਨੇਬਾਜ਼ਾਂ ਨੇ 16 ਤੋਂ 30 ਅਗੱਸਤ 2025 ਤੱਕ ਕਜ਼ਾਖਸਤਾਨ ਵਿਖੇ ਹੋ ਰਹੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 2025 ਵਿਚ ਭਾਰਤ ਲਈ ਤਮਗ਼ੇ ਜਿੱਤ ਕੇ ਲਾਸਾਨੀ ਪ੍ਰਾਪਤੀ ਹਾਸਲ ਕੀਤੀ ਹੈ। 

ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ ਇਤਿਹਾਸ ਰਚਦਿਆਂ ਕਿਸੇ ਵੀ ਇਕ ਯੂਨੀਵਰਸਿਟੀ ਵਲੋਂ ਸੱਭ ਤੋਂ ਵੱਧ ਤਮਗ਼ੇ ਜਿੱਤਣ ਦਾ ਰਿਕਾਰਡ ਬਣਾਇਆ, ਜਿਸ ਵਿਚ 5 ਵਿਅਕਤੀਗਤ ਸੋਨ ਤਮਗ਼ੇ, 6 ਟੀਮ ਸੋਨ ਤਮਗ਼ੇ, 1 ਮਿਕਸਡ ਟੀਮ ਸੋਨ ਤਮਗ਼ਾ, 1 ਟੀਮ ਚਾਂਦੀ ਤਮਗ਼ਾ, 1 ਵਿਅਕਤੀਗਤ ਚਾਂਦੀ ਤਮਗ਼ਾ ਅਤੇ 1 ਕਾਂਸੀ ਤਮਗ਼ਾ ਸ਼ਾਮਲ ਹਨ। ਇਹ ਪ੍ਰਾਪਤੀ ਸੱਚਮੁੱਚ ਹੀ ਅਪਣੇ ਆਪ ਵਿਚ ਮੀਲ ਪੱਥਰ ਹੈ। 

ਤਮਗ਼ੇ ਜੇਤੂਆਂ ਵਿਚ ਨੀਰੂ, ਅਭਿਨਵਸ਼ੌਅ, ਅਦ੍ਰੀਅਨ ਕਰਮਾਕਰ ਅਤੇ ਸਿਫ਼ਤ ਕੌਰ ਸਮਰਾ ਨੇ ਟਰੈਪ ਸ਼ੂਟਿੰਗ, 10 ਮੀਟਰ ਰਾਈਫਲ, ਜੂਨੀਅਰ 50 ਮੀਟਰ 3-ਪੀ ਰਾਈਫਲ ਅਤੇ 50 ਮੀਟਰ 3ਪੀ ਰਾਈਫਲ ਵਿਚ ਵਿਅਕਤੀਗਤ ਅਤੇ ਟੀਮ ਈਵੈਂਟਸ ਵਿਚ ਸੋਨ ਤਮਗ਼ੇ ਜਿੱਤੇ। ਐਸ਼ਵਰਿਆ ਪ੍ਰਤਾਪ ਤੋਮਰ ਨੇ 50 ਮੀਟਰ 3ਪੀ ਰਾਈਫਲ ਦੇ ਵਿਅਕਤੀਗਤ ਅਤੇ ਟੀਮ ਈਵੈਂਟਸ ਵਿਚ ਸੋਨ ਅਤੇ ਚਾਂਦੀ ਤਮਗ਼ੇ ਹਾਸਲ ਕੀਤੇ। ਹਰਮੇਹਰ ਸਿੰਘ ਲੱਲੀ ਨੇ ਮਿਕਸਡ ਟੀਮ, ਵਿਅਕਤੀਗਤ ਅਤੇ ਟੀਮ ਈਵੈਂਟਸ ਵਿਚ ਸੋਨ, ਚਾਂਦੀ ਅਤੇ ਕਾਂਸੀ ਤਮਗ਼ੇ ਜਿੱਤੇ, ਜਦਕਿ ਆਸ਼ੀ ਚੌਕਸੀ ਅਤੇ ਉਮੇਸ਼ ਚੌਧਰੀ ਨੇ 50 ਮੀਟਰ 3ਪੀ ਰਾਈਫਲ ਟੀਮ ਅਤੇ ਜੂਨੀਅਰ ਫ਼ਰੀ ਪਿਸਤੌਲ 50 ਮੀਟਰ ਈਵੈਂਟਸ ਵਿਚ ਸੋਨ ਤਮਗ਼ੇ ਜਿੱਤੇ। ਇਸ ਤੋਂ ਇਲਾਵਾ, ਅਦ੍ਰੀਅਨ ਕਰਮਾਕਰ ਨੇ ਜੂਨੀਅਰ 50 ਮੀਟਰ 3ਪੀ ਰਾਈਫਲ ਵਿਅਕਤੀਗਤ ਈਵੈਂਟ ਵਿਚ ਨਵਾਂ ਏਸ਼ੀਅਨ ਰਿਕਾਰਡ ਬਣਾ ਕੇ ਯੂਨੀਵਰਸਿਟੀ ਅਤੇ ਦੇਸ਼ ਲਈ ਇਤਿਹਾਸਕ ਮੀਲ ਪੱਥਰ ਸਥਾਪਤ ਕੀਤਾ।

ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਨਿਸ਼ਾਨੇਬਾਜ਼ਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਅਸੀਸਾਂ ਅਤੇ ਵਧਾਈਆਂ ਦਿਤੀਆਂ। ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਪਲਵਿੰਦਰ ਸਿੰਘ, ਰਜਿਸਟਰਾਰ, ਪ੍ਰੋ. (ਡਾ.) ਕੇ.ਐਸ. ਚਾਹਲ ਅਤੇ ਡੀਨ ਸਟੂਡੈਂਟਸ ਵੈਲਫ਼ੇਅਰ, ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਦੇਸ਼ ਦਾ ਮਾਣ ਵਧਾਉਣ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿਤੀਆਂ। ਸਪੋਰਟਸ ਡਾਇਰੈਕਟਰ ਡਾ. ਕੰਵਰ ਮਨਦੀਪ ਸਿੰਘ ਨੇ ਨਿਸ਼ਾਨੇਬਾਜ਼ਾਂ ਦੀਆਂ ਸ਼ਾਨਦਾਰ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਇਸ ਸਫ਼ਲਤਾ ਨੂੰ ਸੰਭਵ ਬਣਾਉਣ ਲਈ ਯੂਨੀਵਰਸਿਟੀ ਅਧਿਕਾਰੀਆਂ ਦਾ ਧਨਵਾਦ ਕੀਤਾ। ਯੂਨੀਵਰਸਿਟੀ ਦੀ ਸ਼ੂਟਿੰਗ ਕੋਚ ਰਾਜਵਿੰਦਰ ਕੌਰ ਨੇ ਵੀ ਖਿਡਾਰੀਆਂ ਦੀ ਅਨੁਸ਼ਾਸਤ ਅਤੇ ਸਮਰਪਤ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਵਧਾਈ ਦਿਤੀ।

(For more news apart from GNDU Shooters Create History, 8 Shooters Win Medals in Kazakhstan Latest News in Punjabi stay tuned to Rozana Spokesman.)