ਨਵੀਂ ਦਿੱਲੀ, 17 ਨਵੰਬਰ: ਭਾਰਤੀ ਕ੍ਰਿਕਟ 'ਚ ਇਕ ਨਵੇਂ ਸਿਤਾਰੇ ਵਜੋਂ ਉਭਰ ਰਿਹਾ ਮੁੰਬਈ ਦਾ ਬੱਲੇਬਾਜ਼ ਪ੍ਰਿਥਵੀ ਸ਼ਾਅ ਰਿਕਾਰਡ 'ਤੇ ਰਿਕਾਰਡ ਬਣਾ ਰਿਹਾ ਹੈ। ਉਸ ਦੀ ਤੁਲਨਾ ਸਚਿਤ ਤੇਂਦੁਲਕਰ ਨਾਲ ਹੋਣ ਲੱਗੀ ਹੈ। ਉਸ ਦੀ ਬੇਮਿਸਾਲ ਬੱਲੇਬਾਜ਼ੀ ਕਾਰਨ ਉਸ ਨੂੰ ਅਗਲਾ ਸਚਿਨ ਕਹਿਣ ਲੱਗੇ ਹਨ। ਪ੍ਰਿਥਵੀ ਦੀ ਉਮਰ ਅਜੇ ਸਿਰਫ਼ 18 ਸਾਲ ਹੈ ਅਤੇ ਉਸ ਨੇ ਕਈ ਰਿਕਾਰਡ ਅਪਣੇ ਨਾਮ ਕਰ ਵੀ ਲਏ ਹਨ। ਬੀਤੇ ਦਿਨ ਆਂਧਰਾ ਪ੍ਰਦੇਸ਼ ਵਿਰੁਧ ਰਣਜੀ ਮੈਚ 'ਚ ਉਸ ਨੇ ਇਕ ਹੋਰ ਰਿਕਾਰਡ ਅਪਣੇ ਨਾਮ ਕਰ ਲਿਆ। ਪ੍ਰਿਥਵੀ ਨੇ ਆਂਧਰਾ ਪ੍ਰਦੇਸ਼ ਵਿਰੁਧ ਰਣਜੀ ਮੈਚ 'ਚ ਸ਼ਾਨਦਾਰ ਸੈਂਕੜਾ ਲਗਾਇਆ। ਉਨ੍ਹਾਂ ਨੇ ਪਿਛਲੇ ਮੈਚ ਦੇ ਹੀਰੋ
ਰਹੇ ਸਿਧੇਸ਼ ਲਾਡ ਨਾਲ 224 ਗੇਂਦਾਂ 'ਚ 112 ਦੌੜਾਂ ਦੀ ਹਿੱਸੇਦਾਰੀ ਕੀਤੀ। ਇਸ ਦੇ ਨਾਲ ਹੀ ਉਹ 18 ਸਾਲ ਦੀ ਉਮਰ 'ਚ ਸਿਰਫ਼ ਸੱਤ ਉਚ ਸ਼੍ਰੇਣੀ ਮੈਚਾਂ 'ਚ ਹੁਣ ਤਕ 5 ਸੈਂਕੜੇ ਬਣਾ ਚੁਕੇ ਹਨ। ਰਣਜੀ 'ਚ ਇਸ ਉਮਰ 'ਚ ਸੱਭ ਤੋਂ ਜਿਆਦਾ ਸੈਂਕੜੇ ਲਗਾਉਣ ਵਾਲਾ ਉਹ ਪਹਿਲਾ ਖਿਡਾਰੀ ਬਣਾ ਗਿਆ ਹੈ। ਉਚ ਸ਼੍ਰੇਣੀ ਮੈਚਾਂ 'ਚ ਵੀ ਉਹ ਸੱਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਉਸ ਤੋਂ ਅੱਗੇ ਸਿਰਫ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੈ। ਸਚਿਨ ਨੇ ਇਸ ਉਮਰ 'ਚ ਉਚ ਸ਼੍ਰੇਣੀ ਕ੍ਰਿਕਟ 'ਚ 7 ਸੈਂਕੜੇ ਲਗਾਏ ਸਨ। (ਏਜੰਸੀ)