ਐਸ.ਏ.ਐਸ.
ਨਗਰ, 3 ਅਕਤੂਬਰ (ਸੁਖਦੀਪ ਸਿੰਘ ਸੋਈ) : ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚੋਂ ਸੇਵਾ
ਮੁਕਤ ਹੋਏ 85 ਸਾਲਾ ਕੈਪਟਨ ਜੀ.ਐਸ. ਸਿੱਧੂ ਨੇ ਦੋ ਨਵੇਂ ਕੀਰਤੀਮਾਨ ਸਥਾਪਤ ਕਰ ਕੇ ਦੇਸ਼
ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਚੀਨ ਦੇ ਰਗਾਉ ਵਿਖੇ 20 ਸਤੰਬਰ ਤੋਂ 28 ਸਤੰਬਰ ਤਕ
ਏਸ਼ੀਅਨ ਮਾਸਟਰਜ਼ ਐਥਲੈਟਿਕਸ ਚੈਪੀਅਨਸ਼ਿਪ ਦੌਰਾਨ ਇਹ ਕੀਰਤੀਮਾਨ ਸਥਾਪਤ ਕੀਤੇ। ਇਨ੍ਹਾਂ
ਖੇਡਾਂ ਦੌਰਾਨ ਉਨ੍ਹਾਂ 3 ਸੋਨ ਤਮਗ਼ੇ ਜਿੱਤ ਕੇ ਵੱਡਾ ਮਾਣ ਹਾਸਲ ਕੀਤਾ ਹੈ। ਕੈਪਟਨ ਸਿੱਧੂ
ਨੇ ਸ਼ਾਟ ਪੁੱਟ ਅਤੇ ਹੈਮਰ ਥ੍ਰੋ ਵਿਚ ਨਵੇਂ ਏਸੀਆ ਰੀਕਾਰਡ ਪੈਦਾ ਕੀਤੇ ਹਨ।
ਉਨ੍ਹਾਂ
ਸ਼ਾਟ ਪੁੱਟ ਮੁਕਾਬਲਿਆਂ ਵਿਚ 8.88 ਮੀਟਰ ਦੂਰੀ 'ਤੇ ਸੁੱਟ ਕੇ ਨਵਾਂ ਰਿਕਾਰਡ ਕਾਇਮ
ਕੀਤਾ ਅਤੇ ਹੈਮਰ ਥਰੋ ਵਿਚ 25.36 ਮੀਟਰ ਸੁੱਟ ਕੇ ਨਵਾਂ ਏਸੀਅਨ ਰਿਕਾਰਡ ਕਾਇਮ ਕੀਤਾ।
ਸਿੱਧੂ ਸ਼ਾਟ ਪੁੱਟ ਵਿਚ ਪੰਜਵੀਂ ਵਾਰ ਅਤੇ ਹੈਮਰ ਥ੍ਰੋ ਵਿਚ ਤਿੰਨ ਵਾਰ ਚੈਪੀਅਨ ਰਹੇ।
ਵਰਨਣਯੋਗ ਹੈ ਕਿ ਸਿੱਧੂ ਨੇ ਡਿਸਕਸ ਥਰੋ ਵਿਚ ਵੀ 19.39 ਮੀਟਰ ਦੂਰੀ 'ਤੇ ਸੁੱਟ ਕੇ ਸੋਨ
ਤਮਗ਼ਾ ਜਿੱਤਿਆ ਹੈ। ਉਨ੍ਹਾਂ ਦਾ ਸੁਪਨਾ ਹੁਣ ਅਗਲੇ ਸਾਲ ਹੋਣ ਵਾਲੀ ਵਿਸ਼ਵ ਮਾਸਟਰਜ਼ ਐਥਲੈਟਿਕ ਮੀਟ ਮੌਕੇ ਸੋਨ ਤਮਗ਼ਾ ਜਿੱਤਣ ਦਾ ਹੈ।