ਆਈਓਏ ਵਲੋਂ ਭਾਰਤੀ ਮੁੱਕੇਬਾਜ਼ੀ ਮਹਾਂਸੰਘ ਨੂੰ ਮਿਲੀ ਮਾਨਤਾ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 29 ਨਵੰਬਰ: ਭਾਰਤੀ ਉਲੰਪਿਕ ਸੰਘ (ਆਈ.ਓ.ਏ.) ਨੇ ਆਖ਼ਰਕਾਰ ਭਾਰਤੀ ਮੁੱਕੇਬਾਜ਼ੀ ਮਹਾਂਸੰਘ (ਬੀ.ਐਫ਼.ਆਈ.) ਨੂੰ ਮਾਨਤਾ ਦੇ ਦਿਤੀ। ਆਈ.ਓ.ਏ. ਕਈ ਮਹੀਨਿਆਂ ਬਾਅਦ ਬੁਧਵਾਰ ਨੂੰ ਕੌਮਾਂਤਰੀ ਇਮਚਿਊਰ ਮੁੱਕੇਬਾਜ਼ੀ ਮਹਾਂਸੰਘ (ਆਈ.ਏ.ਬੀ.ਐਫ਼.) ਦੀ ਮਾਨਤਾ ਰੱਦ ਕਰ ਦਿਤੀ ਸੀ ਅਤੇ ਬੀ.ਐਫ਼.ਆਈ. ਨੂੰ ਮਾਨਤਾ ਦੇ ਦਿਤੀ।ਬੀ.ਐਫ਼.ਆਈ. ਨੂੰ ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ.ਆਈ.ਬੀ.ਏ.) ਅਤੇ ਖੇਡ ਮੰਤਰਾਲਾ ਪਹਿਲਾਂ ਹੀ ਮਨਜ਼ੂਰੀ ਦੇ ਚੁਕਾ ਹੈ। ਆਈ.ਓ.ਏ. ਨੇ ਅਜੇ ਤਕ ਆਈ.ਏ.ਬੀ.ਐਫ਼. ਨੂੰ ਮਾਨਤਾ ਦਿਤੀ ਹੋਈ ਸੀ। ਬੀ.ਐਫ਼.ਆਈ. ਮੁਖੀ ਅਜੇ ਸਿੰਘ ਨੇ ਬੁਧਵਾਰ ਨੂੰ ਆਈ.ਓ.ਏ. ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਉਲੰਪਿਕ ਚਾਰਟਰ ਸਾਫ਼ ਤੌਰ 'ਤੇ ਕਹਿੰਦਾ ਹੈ ਕਿ 

ਖੇਡ ਮਹਾਂਸੰਘਾਂ ਨੂੰ ਕੌਮਾਂਤਰੀ ਈਕਾਈਆਂ ਤੋਂ ਮਾਨਤਾ ਮਿਲਣੀ ਚਾਹੀਦੀ ਹੈ। ਅਸੀਂ ਉਨ੍ਹਾਂ ਦੀ ਹੀ ਪਾਲਣਾ ਕੀਤੀ ਹੈ।ਬੀ.ਐਫ਼.ਆਈ. ਨੂੰ ਏ.ਆਈ.ਬੀ.ਏ. ਤੋਂ ਮਾਨਤਾ ਮਿਲੀ ਹੋਈ ਹੈ, ਇਸ ਲਈ ਅਸੀਂ ਉਲੰਪਿਕ ਚਾਰਟਰ ਦੀ ਪਾਲਣਾ ਕੀਤੀ। ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਖੇਡ ਮੰਤਰਾਲੈ ਨੇ ਪਹਿਲਾਂ ਆਈ.ਏ.ਬੀ.ਐਫ਼. ਨੂੰ ਭਾਰਤ ਦੇ ਨਾਮ ਦੀ ਵਰਤੋਂ ਕਰਨ ਤੋਂ ਰੋਕ ਦਿਤਾ ਸੀ, ਕਿਉਂ ਕਿ ਉਹ ਹੁਣ ਰਾਸ਼ਟਰੀ ਮਹਾਂਸੰਘ ਨਹੀਂ ਹੈ। ਬੀ.ਐਫ਼.ਆਈ. ਦੀਆਂ ਚੋਣਾਂ ਪਿਛਲੇ ਸਾਲ ਏ.ਆਈ.ਬੀ.ਏ. ਅਤੇ ਖੇਡ ਮੰਤਰਾਲੇ ਦੇ ਮਾਰਗ-ਦਰਸ਼ਨ 'ਚ ਹੋਈਆਂ ਸਨ।  (ਏਜੰਸੀ)