ਕਿਹਾ, ਲੋਕਾਂ ਸਾਹਮਣੇ ਹੀ ਵਿਜੇਂਦਰ ਨੂੰ ਤੋੜ ਕੇ ਰੱਖ ਦੇਵਾਂਗਾ
ਨਵੀਂ ਦਿੱਲੀ, 16 ਦਸੰਬਰ: ਅਫ਼ਰੀਕੀ ਚੈਂਪੀਅਨ ਅਰਨੇਸਟ ਅਮੁਜੁ ਨੇ ਚੈਲੰਜ ਕਰਦਿਆਂ ਕਿਹਾ ਕਿ ਜਦੋਂ ਉਹ 23 ਦਸੰਬਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਵਿਜੇਂਦਰ ਸਿੰਘ ਨਾਲ ਭਿੜੇਗਾ ਤਾਂ ਭਾਰਤ ਦੇ ਇਸ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਕਰਾਰੀ ਹਾਰ ਦੇਵੇਗਾ।ਵਿਜੇਂਦਰ ਨੇ ਅਜੇ ਤਕ ਨੌਂ ਮੁਕਾਬਲੇ ਲੜੇ ਹਨ ਅਤੇ ਉਨ੍ਹਾਂ ਸੱਭ 'ਚ ਉਸ ਨੇ ਜਿੱਤ ਪ੍ਰਾਪਤ ਕੀਤੀ ਹੈ। ਉਸ ਕੋਲ ਡਬਲਿਊ.ਬੀ.ਓ. ਏਸ਼ੀਆ ਪੈਸੇਫ਼ਿਕ ਅਤੇ ਓਰੀਐਂਟਲ ਸੁਪਰ ਮਿਡਲਵੇਟ ਖ਼ਿਤਾਬ ਹਨ। ਅਮੁਜੁ ਨੇ ਹੁਣ ਤਕ 25 ਮੁਕਾਬਲੇ ਲੜੇ ਹਨ, ਜਿਨ੍ਹਾਂ 'ਚੋਂ 23 'ਚ ਉਸ ਨੇ ਜਿੱਤ ਦਰਜ ਕੀਤੀ ਹੈ। ਇਨ੍ਹਾਂ 'ਚੋਂ 21 ਨਾਕਆਊਟ ਹਨ। ਹੁਣ ਤਕ ਉਹ
122 ਰਾਊਂਡ ਤਕ ਮੁਕਾਬਲੇ ਕਰ ਚੁਕਾ ਹੈ ਅਤੇ ਵਿਜੇਂਦਰ ਨਾਲ ਭਿੜਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਇਸ ਮੁਕਾਬਲੇ ਲਈ ਹਰ ਦਿਨ ਅੱਠ ਤੋਂ ਦਸ ਘੰਟੇ ਤਕ ਸਖ਼ਤ ਮਿਹਨਤ ਕਰ ਰਿਹਾ ਹਾਂ। ਮੈਨੂੰ ਮੁਕਾਬਲੇ ਦੀ ਤਿਆਰੀ ਲਈ ਪੂਰਾ ਸਮਾਂ ਮਿਲ ਰਿਹਾ ਹੈ। ਮੈਂ ਵਿਜੇਂਦਰ ਅਤੇ ਰਿੰਗ 'ਚ ਉਹ ਜੋ ਵੀ ਕਰੇਗਾ, ਉਸ ਲਈ ਪੂਰੀ ਤਰ੍ਹਾਂ ਤਿਆਰ ਰਹਾਂਗਾ। ਅਮੁਜੁ ਨੇ ਕਿਹਾ ਕਿ ਮੈਂ ਅਜੇ ਉਸ ਦਾ ਨਾਮ ਸੁਣਿਆ ਹੈ ਅਤੇ ਕਦੇ ਉਸ ਨੂੰ ਮੁਕਾਬਲਾ ਕਰਦਿਆਂ ਨਹੀਂ ਵੇਖਿਆ। ਮੈਨੂੰ ਵਿਜੇਂਦਰ ਸਿੰਘ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਵਾਉਣ 'ਤੇ ਬਹੁਤ ਆਨੰਦ ਆਵੇਗਾ। ਮੈਂ ਉਸ ਨੂੰ ਦਰਸ਼ਕਾਂ ਦੇ ਸਾਹਮਣੇ ਤੋੜ ਕੇ ਰੱਖ ਦੇਵਾਂਗਾ।
(ਏਜੰਸੀ)