ਟੋਕੀਓ— ਹਾਲ ਹੀ 'ਚ ਕੋਰੀਆ ਓਪਨ 'ਚ ਚੈਂਪੀਅਨ ਬਣੀ ਪੀ.ਵੀ. ਸਿੰਧੂ ਕੱਲ੍ਹ ਤੋਂ ਕੁਆਲੀਫਾਇਰ ਦੇ ਨਾਲ ਸ਼ੁਰੂ ਹੋਣ ਵਾਲੇ 325,000 ਡਾਲਰ ਇਨਾਮੀ ਰਾਸ਼ੀ ਦੇ ਜਾਪਾਨ ਓਪਨ 'ਚ ਤੀਜਾ ਸੁਪਰ ਸੀਰੀਜ਼ ਖਿਤਾਬ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕਰੇਗੀ ਜਦਕਿ ਕਿਦਾਂਬੀ ਸ਼੍ਰੀਕਾਂਤ ਅਤੇ ਸਾਇਨਾ ਨੇਹਵਾਲ ਵੀ ਇਸ 'ਚ ਹਿੱਸਾ ਲੈਣਗੇ। ਸਿੰਧੂ ਨੇ ਐਤਵਾਰ ਨੂੰ ਕੋਰੀਆ ਓਪਨ 'ਚ ਮਿਨਾਤਸੂ ਮਿਤਾਨੀ ਦੇ ਖਿਲਾਫ ਦੂਜਾ ਗੇਮ ਗੁਆਉਣ ਦੇ ਬਾਅਦ ਇਹ ਜਿੱਤ ਦਰਜ ਕੀਤੀ ਸੀ ਅਤੇ ਹੁਣ ਉਹ ਫਿਰ ਇਸ ਹਫਤੇ ਦੇ ਸ਼ੁਰੂਆਤੀ ਦੌਰ 'ਚ ਜਾਪਾਨੀ ਖਿਡਾਰਨ ਨਾਲ ਭਿੜੇਗੀ।
22 ਸਾਲਾ ਹੈਦਰਾਬਾਦੀ ਖਿਡਾਰਨ ਨੇ ਕੱਲ੍ਹ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਪੂਰਾ ਕਰਦੇ ਹੋਏ ਕੋਰੀਆ ਓਪਨ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾਇਆ ਅਤੇ ਸੈਸ਼ਨ ਦਾ ਆਪਣਾ ਦੂਜਾ ਸੁਪਰ ਸੀਰੀਜ਼ ਖਿਤਾਬ ਆਪਣੇ ਨਾਂ ਕੀਤਾ। ਸਿੰਧੂ ਲਗਾਤਾਰ ਤੀਜੇ ਟੂਰਨਾਮੈਂਟ 'ਚ ਵਿਸ਼ਵ ਚੈਂਪੀਅਨ ਓਕੁਹਾਰਾ ਨਾਲ ਭਿੜ ਸਕਦੀ ਹੈ, ਜੇਕਰ ਸਿੰਧੂ ਮਿਤਾਨੀ ਨੂੰ ਹਰਾ ਦਿੰਦੀ ਹੈ ਅਤੇ ਨਾਲ ਹੀ ਓਕੁਹਾਰਾ ਵੀ ਹਾਂਗਕਾਂਗ ਦੀ ਚੇਯੁੰਗ ਐਨਗਾ ਯਿ ਦੇ ਖਿਲਾਫ ਜਿੱਤ ਦਰਜ ਕਰ ਲੈਂਦੀ ਹੈ।