ਭਾਰਤ ਬਨਾਮ ਸ੍ਰੀਲੰਕਾ ਟੈਸਟ, ਚੌਥਾ ਦਿਨ ਮੈਚ 'ਚ ਭਾਰਤੀ ਟੀਮ ਦੀ ਵਾਪਸੀ

ਖ਼ਬਰਾਂ, ਖੇਡਾਂ



ਕਲਕੱਤਾ, 19 ਨਵੰਬਰ: ਮੌਸਮ ਦੀ ਬੇਰੁਖ਼ੀ ਕਾਰਨ ਪ੍ਰਭਾਵਤ ਕਲਕੱਤਾ ਟੈਸਟ ਮੈਚ ਫਿਲਹਾਲ ਡ੍ਰਾਅ ਵਲ ਵਧਦਾ ਨਜ਼ਰ ਆ ਰਿਹਾ ਹੈ। ਭਾਰਤੀ ਟੀਮ ਦੇ 172 ਦੌੜਾਂ ਦੇ ਜਵਾਬ 'ਚ ਸ੍ਰੀਲੰਕਾ ਨੇ ਜਦੋਂ ਅਪਣੀ ਪਹਿਲੀ ਪਾਰੀ 294 ਦੌੜਾਂ 'ਤੇ ਖ਼ਤਮ ਕਰਦਿਆਂ 122 ਦੌੜਾਂ ਦਾ ਵਾਧਾ ਲਿਆ ਤਾਂ ਮਹਿਮਾਨ ਟੀਮ ਦਾ ਪੱਲਾ ਭਾਰੀ ਨਜ਼ਰ ਆ ਰਿਹਾ ਸੀ ਪਰ ਭਾਰਤੀ ਬੱਲੇਬਾਜ਼ਾਂ ਨੇ ਦੂਜੀ ਪਾਰੀ 'ਚ ਜ਼ਬਰਦਸਤ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿਤਾ।
ਘੱਟ ਰੌਸ਼ਨੀ ਕਾਰਨ ਚੌਥੇ ਦਿਨ ਦੀ ਖੇਡ ਜਦੋਂ ਸਮਾਪਤ ਹੋਈ ਤਾਂ ਭਾਰਤੀ ਟੀਮ ਦੀ ਦੂਜੀ ਪਾਰੀ ਦਾ ਸਕੋਰ ਦੋ ਵਿਕਟਾਂ ਗਵਾ ਕੇ 171 ਦੌੜਾਂ ਸੀ। ਲੋਕੇਸ਼ ਰਾਹੁਲ 73 ਅਤੇ ਚੇਤੇਸ਼ਵਰ ਪੁਜਾਰਾ 2 ਦੌੜਾਂ ਬਣਾ ਕੇ ਨਾਬਾਦ ਸਨ। ਸ਼ਿਖ਼ਰ ਧਵਨ (94) ਆਊਟ ਹੋਣ ਵਾਲੇ ਇਕੱਲੇ ਬੱਲੇਬਾਜ਼ ਰਹੇ। ਭਾਰਤੀ ਟੀਮ ਦਾ ਸ੍ਰੀਲੰਕਾ 'ਤੇ ਵਾਧਾ ਹੁਣ 49 ਦੌੜਾਂ ਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਟੀਮ ਨੇ ਸਵੇਰੇ ਚਾਰ ਵਿਕਟਾਂ 'ਤੇ 165 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਪੂਰੀ ਟੀਮ 292 ਦੌੜਾਂ ਬਣਾ ਕੇ ਆਊਟ ਹੋ ਗਈ। ਟੀਮ ਦੇ ਤਿੰਨ ਬੱਲੇਬਾਜ਼ਾਂ ਲਾਹਿਰੂ ਤਿਰੀਮਾਨੇ, ਐਂਜੇਲੋ ਮੈਕਿਊਜ ਅਤੇ ਰੰਗਨਾ ਹੇਰਾਥ ਨੇ ਅਰਥ ਸੈਂਕੜੇ ਬਣਾਏ। ਭਾਰਤ ਲਈ ਮੁਹੰਮਦ ਸ਼ਮੀ ਅਤੇ ਭੁਵਨੇਸ਼ਵਰ ਕੁਮਾਰ ਨੇ ਚਾਰ-ਚਾਰ ਵਿਕਟਾਂ ਲਈਆਂ। ਭਾਰਤੀ ਟੀਮ ਨੇ ਅਪਣੀ ਪਹਿਲੀ ਪਾਰੀ 'ਚ 172 ਦੌੜਾਂ ਬਣਾਈਆਂ ਸਨ। (ਏਜੰਸੀ)