ਮੈਰੀਕਾਮ ਸਮੇਤ ਪੰਜ ਮਹਿਲਾ ਮੁੱਕੇਬਾਜ਼ਾਂ ਨੇ ਮਾਰਿਆ 'ਗੋਲਡ ਪੰਚ'
ਨਵੀਂ ਦਿੱਲੀ, 2 ਫ਼ਰਵਰੀ: ਭਾਰਤ ਨੇ ਸਪਾਈਜੈੱਟ ਇੰਡੀਆ ਓਪਨ ਇੰਟਰਨੈਸ਼ਨਲ ਮੁੱਕੇਬਾਜ਼ੀ ਟੂਰਨਾਮੈਂਟ ਦਾ ਸਮਾਪਨ ਅੱਠ ਤਮਗ਼ਿਆਂ ਨਾਲ ਕੀਤਾ। ਰਾਸ਼ਟਰੀ ਰਾਜਧਾਨੀ ਦੇ ਤਿਆਗਰਾਜ ਸਟੇਡੀਅਮ 'ਚ ਖੇਡੇ ਗਏ ਇਸ ਟੂਰਨਾਮੈਂਟ 'ਚ ਭਾਰਤ ਦੀ ਮੈਰੀਕਾਮ, ਸੰਜੀਤ, ਮਨੀਸ਼ ਕੌਸ਼ਿਕ, ਪਵਿਲਓ ਬਸੁਮਤਾਰੀ, ਲੋਵਲਿਨਾ ਬੋਗੋਹੇਨ, ਪਿੰਕੀ, ਮਨੀਸ਼ਾ ਅਤੇ ਅਮਿਤ ਨੇ ਸੋਨੇ ਦੇ ਤਮਗ਼ੇ ਅਪਣੇ ਨਾਮ ਕੀਤੇ।ਉਜਬੇਕਿਸਤਾਨ ਅਤੇ ਕਿਊਬਾ ਨੇ ਮਿਡਲ ਅਤੇ ਹੈਵੀਵੇਟ ਸ਼੍ਰੇਣੀ 'ਚ ਅਪਣਾ ਜਲਵਾ ਦਿਖਾਉਂਦਿਆਂ ਕ੍ਰਮਵਾਰ ਪੰਜ ਅਤੇ ਚਾਰ ਸੋਨ ਤਮਗ਼ੇ ਅਪਣੇ ਨਾਮ ਕੀਤੇ। ਪੰਜ ਵਾਰ ਦੀ ਵਿਸ਼ਵ ਜੇਤੂ ਮੈਰੀਕਾਮ ਨੇ ਲਾਈਟ-ਫ਼ਲਾਈ ਫ਼ਾਈਨਲ 'ਚ ਫਿਲੀਪੀਂਸ ਦੀ ਜੋਸੀ ਗਾਬੁਕਾ ਨੂੰ 4-1 ਨਾਲ ਹਰਾਉਂਦਿਆਂ ਸੋਨੇ ਦਾ ਤਮਗ਼ਾ ਪ੍ਰਾਪਤ ਕੀਤਾ। ਉਨ੍ਹਾਂ ਨੇ ਮੁਕਾਬਲੇ ਦੀ ਸ਼ੁਰੂਆਤ ਸਾਵਧਾਨੀ ਨਾਲ ਕੀਤੀ ਅਤੇ ਅਪਣੇ ਦਮਦਾਰ ਪੰਚਾਂ ਤੇ ਊਰਜਾ ਨੂੰ ਫ਼ਾਈਨਲ ਰਾਊਂਡ ਤਕ ਲਈ ਬਚਾ ਕੇ ਰਖਿਆ। ਗਾਬੁਕੋ ਨੂੰ ਹਰਾਉਣ ਲਈ ਉਨ੍ਹਾਂ ਨੇ ਅਪਣੇ ਤਜ਼ਰਬੇ ਦੀ ਬਾਖ਼ੂਬੀ ਵਰਤੋਂ ਕੀਤੀ।