ਭਾਰਤ ਨੇ ਸਾਊਥ ਅਫਰੀਕਾ ਨੂੰ ਹਰਾ ਕੇ ਫਿਰ ਰਚਿਆ ਇਤਿਹਾਸ, ਟੀ-20 ਸੀਰੀਜ਼ 'ਤੇ ਕੀਤਾ ਕਬਜ਼ਾ

ਖ਼ਬਰਾਂ, ਖੇਡਾਂ

ਕੇਪਟਾਊਨ : ਭਾਰਤ ਨੇ ਸਾਊਥ ਅਫਰੀਕਾ ਨੂੰ ਇੱਕ ਵਾਰ ਫਿਰ ਕਰਾਰੀ ਮਾਤ ਦੇ ਕੇ ਟੀ20 ਸੀਰੀਜ਼ 'ਤੇ ਆਪਣਾ ਕਬਜ਼ਾ ਜਮਾ ਲਿਆ ਹੈ। ਸੁਰੇਸ਼ ਰੈਨਾ ਦੀਆਂ 27 ਗੇਂਦਾਂ 'ਤੇ 43 ਦੌੜਾਂ ਤੋਂ ਬਾਅਦ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਫੈਸਲਾਕੁੰਨ ਤੀਜੇ ਟੀ-20 ਕ੍ਰਿਕਟ ਮੈਚ ਵਿਚ 7 ਦੌੜਾਂ ਨਾਲ ਜਿੱਤ ਦਰਜ ਕਰਕੇ ਲੜੀ 2-1 ਨਾਲ ਆਪਣੇ ਨਾਮ ਕਰ ਲਈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਵਨ-ਡੇ ਸੀਰੀਜ਼ 5-1 ਨਾਲ ਜਿੱਤੀ ਸੀ। 

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ 'ਤੇ 172 ਦੌੜਾਂ ਬਣਾਈਆਂ। ਜਵਾਬ ਵਿਚ ਦੱਖਣੀ ਅਫਰੀਕੀ ਟੀਮ 20 ਓਵਰਾਂ ਵਿਚ 6 ਵਿਕਟਾਂ 'ਤੇ 165 ਦੌੜਾਂ ਹੀ ਬਣਾ ਸਕੀ। ਟੈਸਟ ਲੜੀ ਗੁਆਉਣ ਤੋਂ ਬਾਅਦ ਵਨ-ਡੇ ਲੜੀ ਜਿੱਤਣ ਵਾਲੀ ਭਾਰਤੀ ਟੀਮ ਨੇ ਇਸਦੇ ਨਾਲ ਹੀ 8 ਹਫਤੇ ਦੇ ਦੌਰੇ ਦਾ ਸ਼ਾਨਦਾਰ ਅੰਤ ਕੀਤਾ। 

ਦੱਖਣੀ ਅਫਰੀਕੀ ਟੀਮ ਵਿਚ ਡੈਬਿਊ ਕਰਨ ਵਾਲੇ ਕ੍ਰਿਸਟੀਆਨ ਜੋਂਕਰ ਨੇ 24 ਗੇਂਦਾਂ 'ਤੇ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾ ਕੇ ਭਾਰਤ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਸੀ ਪਰ ਆਖਰ ਵਿਚ ਭੁਵਨੇਸ਼ਵਰ ਕੁਮਾਰ ਐਂਡ ਕੰਪਨੀ ਨੇ ਸਬਰ ਨਾਲ ਗੇਂਦਬਾਜ਼ੀ ਕਰਦਿਆਂ ਜਿੱਤ ਭਾਰਤ ਦੇ ਝੋਲੀ ਵਿਚ ਪਾ ਦਿੱਤੀ। ਜੋਂਕਰ ਦੇ ਇਲਾਵਾ ਕਪਤਾਨ ਜੇ. ਪੀ. ਡੁਮਿਨੀ ਨੇ 41 ਗੇਂਦਾਂ 'ਤੇ 55 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਦੇ ਇਲਾਵਾ ਕੋਈ ਮੇਜ਼ਬਾਨ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। 

ਭਾਰਤੀ ਪਾਰੀ ਵਿਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 40 ਗੇਂਦਾਂ 'ਤੇ 47 ਦੌੜਾਂ ਬਣਾਈਆਂ ਪਰ ਨਿਊਲੈਂਡਸ ਦੀ ਹੌਲੀ ਪਿੱਚ 'ਤੇ ਭਾਰਤੀ ਬੱਲੇਬਾਜ਼ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੇ। ਧਵਨ ਤੇ ਰੈਨਾ ਨੇ ਦੂਜੀ ਵਿਕਟ ਲਈ 65 ਦੌੜਾਂ ਜੋੜੀਆਂ ਪਰ ਭਾਰਤੀ ਬੱਲੇਬਾਜ਼ ਰਨ ਰੇਟ ਨੂੰ ਤੇਜ਼ੀ ਨਹੀਂ ਦੇ ਸਕੇ। ਭਾਰਤ ਨੂੰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਾਰਾ ਝਟਕਾ ਲੱਗਾ, ਜਦੋਂ ਸ਼ਾਨਦਾਰ ਫਾਰਮ ਵਿਚ ਚੱਲ ਰਿਹਾ ਕਪਤਾਨ ਵਿਰਾਟ ਕੋਹਲੀ ਕਮਰ ਵਿਚ ਜਕੜਨ ਕਾਰਨ ਆਖਰੀ ਮੈਚ ਵਿਚ ਨਹੀਂ ਖੇਡ ਸਕਿਆ। ਉਸਦੀ ਜਗ੍ਹਾ ਰੋਹਿਤ ਸ਼ਰਮਾ ਨੇ ਕਪਤਾਨੀ ਕੀਤੀ। 

ਲੜੀ ਵਿਚ ਲਗਾਤਾਰ ਤੀਜੀ ਵਾਰ ਟਾਸ ਹਾਰ ਜਾਣ ਤੋਂ ਬਾਅਦ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਮਿਲਿਆ। ਰੋਹਿਤ ਨੇ ਪਹਿਲੇ ਹੀ ਓਵਰ ਵਿਚ ਕ੍ਰਿਸ ਮੌਰਿਸ ਨੂੰ ਦੋ ਚੌਕੇ ਲਾਏ। ਜੂਨੀਅਰ ਡਾਲਾ ਨੇ ਉਸ ਨੂੰ ਤਿੰਨ ਮੈਚਾਂ ਵਿਚ ਤੀਜੀ ਵਾਰ ਆਊਟ ਕੀਤਾ ਤੇ ਉਸਦੇ ਪਹਿਲੇ ਓਵਰ ਦੀ ਤੀਜੀ ਗੇਂਦ 'ਤੇ ਉਹ ਐੱਲ. ਬੀ. ਡਬਲਯੂ. ਹੋ ਗਿਆ। ਰੈਨਾ ਨੇ ਆਉਂਦੇ ਹੀ ਤੇਜ਼ੀ ਨਾਲ ਦੌੜਾਂ ਬਣਾਈਆਂ। ਪਹਿਲੇ 6 ਓਵਰਾਂ ਵਿਚ ਭਾਰਤ ਦਾ ਸਕੋਰ ਇਕ ਵਿਕਟ 'ਤੇ 57 ਦੌੜਾਂ ਸੀ। 

ਦੱਖਣੀ ਅਫਰੀਕਾ ਨੇ ਇਸ ਸਮੇਂ ਗੇਂਦਬਾਜ਼ੀ ਵਿਚ ਬਦਲਾਅ ਕੀਤਾ। ਜੇ. ਪੀ. ਡੁਮਿਨੀ ਨੇ ਪਹਿਲਾ ਸਪੈੱਲ ਕਾਫੀ ਕਿਫਾਇਤੀ ਸੁੱਟਿਆ, ਜਿਸ ਨਾਲ ਭਾਰਤ ਦੀ ਰਨ ਰੇਟ ਡਿੱਗ ਗਈ। ਇਸ ਤੋਂ ਬਾਅਦ ਰੈਨਾ ਵੀ ਤਬਰੇਜ ਸ਼ਾਮਸੀ ਦੀ ਗੇਂਦ 'ਤੇ ਕੈਚ ਦੇ ਬੈਠਾ। ਦੂਜੇ ਪਾਸੇ 'ਤੇ ਧਵਨ ਸਹਿਜ ਨਹੀਂ ਦਿਖ ਰਿਹਾ ਸੀ ਤੇ ਦੋ ਜੀਵਨਦਾਨ ਦਾ ਵੀ ਫਾਇਦਾ ਨਹੀਂ ਚੁੱਕ ਸਕਿਆ। ਸ਼ਾਮਸੀ ਨੇ ਦੋ ਵਾਰ ਉਸਦਾ ਕੈਚ ਛੱਡਿਆ। ਪਹਿਲਾਂ ਮੌਰਿਸ ਦੀ ਗੇਂਦ 'ਤੇ ਸ਼ਾਰਟ ਥਰਡਮੈਨ ਵਿਚ ਜਦੋਂ ਉਸਦਾ ਸਕੋਰ 9 ਦੌੜਾਂ ਸੀ ਤੇ ਫਿਰ 13ਵੇਂ ਓਵਰ ਵਿਚ ਆਰੋਨ ਫੈਂਗਿੰਸੋ ਦੀ ਗੇਂਦ 'ਤੇ ਜਦੋਂ ਉਹ 34 ਦੌੜਾਂ ਬਣਾ ਕੇ ਖੇਡ ਰਿਹਾ ਸੀ। 

ਭਾਰਤ ਦੀਆਂ 100 ਦੌੜਾਂ 12ਵੇਂ ਓਵਰ ਵਿਚ ਬਣੀਆਂ। ਧਵਨ ਤੇ ਮਨੀਸ਼ ਪਾਂਡੇ (13) ਨੇ ਤੀਜੀ ਵਿਕਟ ਲਈ 32 ਦੌੜਾਂ ਜੋੜੀਆਂ। ਪਾਂਡੇ ਨੂੰ ਡਾਲਾ ਨੇ ਕੈਚ ਕੀਤਾ। ਇਸ ਤੋਂ ਬਾਅਦ 12 ਗੇਂਦਾਂ ਬਾਅਦ ਧਵਨ ਵੀ ਰਨ ਆਊਟ ਹੋ ਗਿਆ। ਹਾਰਦਿਕ ਪੰਡਯਾ 17 ਗੇਂਦਾਂ 'ਤੇ 21 ਦੌੜਾਂ ਬਣਾ ਕੇ ਆਊਟ ਹੋਇਆ, ਜਦਕਿ ਐੱਮ. ਐੱਸ. ਧੋਨੀ ਨੇ 11 ਗੇਂਦਾਂ 'ਤੇ 12 ਦੌੜਾਂ ਬਣਾਈਆਂ। ਧੋਨੀ, ਪੰਡਯਾ ਤੇ ਦਿਨੇਸ਼ ਕਾਰਿਤਕ (13) 8 ਗੇਂਦਾਂ ਦੇ ਅੰਦਰ ਪੈਵੇਲੀਅਨ ਪਰਤ ਗਏ। 

ਇਸ ਤੋਂ ਪਹਿਲਾਂ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ (62) ਦੇ ਬਿਹਤਰੀਨ ਅਰਧ ਸੈਂਕੜਿਆਂ ਤੋਂ ਬਾਅਦ ਸ਼ਿਖਾ ਪਾਂਡੇ ਤੇ ਰੂਮੇਲੀ ਧਾਰ ਦੀਆਂ 3-3 ਵਿਕਟਾਂ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਥੇ ਦੱਖਣੀ ਅਫਰੀਕਾ ਨੂੰ 5ਵੇਂ ਤੇ ਫੈਸਲਾਕੁੰਨ ਟੀ-20 ਮੈਚ 'ਚ ਸ਼ਨੀਵਾਰ 54 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਟੀ-20 ਸੀਰੀਜ਼ 3-1 ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ। ਸੀਰੀਜ਼ ਦਾ ਚੌਥਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।