ਭਾਰਤੀ ਮਹਿਲਾ ਹਾਕੀ ਟੀਮ ਨੇ ਬੈਲਜੀਅਮ ਨਾਲ 2-2 ਨਾਲ ਡਰਾਅ ਖੇਡਿਆ

ਖ਼ਬਰਾਂ, ਖੇਡਾਂ


ਐਂਟਵਰਪ, 12 ਸਤੰਬਰ: ਭਾਰਤੀ ਮਹਿਲਾ ਹਾਕੀ ਟੀਮ ਨੇ ਦੋ ਵਾਰ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ ਬੈਲਜੀਅਮ ਦੀ ਜੂਨੀਅਰ ਪੁਰਸ਼ ਟੀਮ ਵਿਰੁਧ ਇਕ ਬੇਹਦ ਕਰੀਬੀ ਮੈਚ 2-2 ਨਾਲ ਡਰਾਅ ਖੇਡਿਆ।

ਬੈਲਜੀਅਮ ਵਲੋਂ ਸਟੈਨ ਬ੍ਰਾਨਿਸਕੀ (19ਵੇਂ ਮਿੰਟ) ਅਤੇ ਮੈਥਿਊ ਡਿ ਲੀਟ (43ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਭਾਰਤ ਲਈ ਨਿੱਕੀ ਪ੍ਰਧਾਨ (36ਵੇਂ ਮਿੰਟ) ਅਤੇ ਵੰਦਨਾ ਕਟਾਰੀਆ (54ਵੇਂ ਮਿੰਟ) ਨੇ ਗੋਲ ਕੀਤੇ।

ਕਪਤਾਨ ਰਾਣੀ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਸਕਾਰਾਤਮਕ ਸ਼ੁਰੂਆਤ ਕੀਤੀ ਅਤੇ 40ਵੇਂ ਸੈਕਿੰਡ ਵਿਚ ਹੀ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਉਹ ਇਸ ਨੂੰ ਗੋਲ ਵਿਚ ਤਬਦੀਲ ਨਹੀਂ ਕਰ ਸਕੀ। ਇਸ ਦੇ ਦੋ ਮਿੰਟ ਬਾਅਦ ਬੈਲਜੀਅਮ ਦੇ ਗੋਲਕੀਪਰ ਨੇ ਇਕ ਹੋਰ ਪੈਨਲਟੀ ਕਾਰਨਰ ਬਣਾਇਆ।

ਬੈਲਜੀਅਮ ਦੀ ਨੌਜਵਾਨ ਟੀਮ ਨੇ ਹਾਲਾਂਕਿ 6 ਮਿੰਟ ਦੇ ਅੰਦਰ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤੀ ਗੋਲਕੀਪਰ ਸਵਿਤਾ ਨੇ ਚੰਗਾ ਪ੍ਰਦਰਸ਼ਨ ਕਰ ਕੇ ਮੇਜ਼ਬਾਨ ਟੀਮ ਨੂੰ ਸ਼ੁਰੂ ਵਿਚ ਵਾਧਾ ਹਾਸਲ ਨਹੀਂ ਕਰਨ ਦਿਤਾ। ਫ਼ਾਰਵਰਡ ਵੰਦਨਾ ਕਟਾਰੀਆ ਨੇ ਵੀ ਸਰਕਲ ਦੇ ਅੰਦਰ ਭਾਰਤ ਲਈ ਚੰਗਾ ਮੌਕਾ ਬਣਾਇਆ ਸੀ ਪਰ ਉਹ ਗੋਲ ਕਰਨ ਵਿਚ ਨਾਕਾਮ ਰਹੀ। ਇਸ ਤਰ੍ਹਾਂ ਨਾਲ ਪਹਿਲਾ ਕੁਆਰਟਰ ਗੋਲ ਰਹਿਤ ਰਿਹਾ। ਦੂਜੇ ਕੁਆਰਟਰ ਵਿਚ ਦੋਵਾਂ ਟੀਮਾਂ ਨੇ ਗੋਲ ਕਰਨ ਲਈ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ। ਇਸ ਵਿਚਕਾਰ ਬੈਲਜੀਅਮ ਦੀ ਟੀਮ ਨੇ ਗੇਂਦ ਨੂੰ ਜ਼ਿਆਦਾ ਸਮਾਂ ਅਪਣੇ ਕਬਜ਼ੇ ਵਿਚ ਰਖਿਆ। ਇਸ ਦਾ ਉਸ ਨੂੰ ਫ਼ਾਇਦਾ ਵੀ ਮਿਲਿਆ ਅਤੇ 19ਵੇਂ ਮਿੰਟ ਵਿਚ ਸਟੈਨ ਬ੍ਰਾਨਿਸਕੀ ਦੇ ਗੋਲ ਨਾਲ ਉਸ ਨੇ ਵਾਧਾ ਹਾਸਲ ਕਰ ਲਿਆ।

ਭਾਰਤ ਨੂੰ ਛੇਤੀ ਹੀ ਪੈਨਲਟੀ ਕਾਰਨਰ ਮਿਲਿਆ ਪਰ ਜੂਨੀਅਰ ਵਿਸ਼ਵ ਕੱਪ ਫਾਈਨਲਿਸਟ ਗੋਲੀਕੀਪਰ ਨੇ ਉਸ ਨੂੰ ਬਚਾਅ ਲਿਆ। ਇਸ ਤਰ੍ਹਾਂ ਨਾਲ ਬੈਲਜੀਅਮ ਨੇ ਦੂਜੇ ਕੁਆਰਟਰ ਦੀ ਸਮਾਪਤੀ ਤਕ ਇਕ ਗੋਲ ਦਾ ਵਾਧਾ ਬਣਾਈ ਰਖਿਆ ਸੀ।

ਭਾਰਤ ਨੇ ਤੀਜੇ ਕੁਆਰਟਰ ਦੀ ਚੰਗੀ ਸ਼ੁਰੂਆਤ ਕੀਤੀ। ਨਿੱਕੀ ਪ੍ਰਧਾਨ ਨੇ 36ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਭਾਰਤ ਨੇ ਇਸ ਕੁਆਰਟਰ ਵਿਚ ਦਬਦਬਾ ਬਣਾਇਆ ਰਖਿਆ। ਨੇਹਾ ਗੋਇਲ ਕੋਲ ਵੀ ਗੋਲ ਕਰਨ ਦਾ ਚੰਗਾ ਮੌਕਾ ਸੀ ਪਰ ਇਹ ਬੈਲਜੀਅਮ ਨੇ ਗੋਲਕੀਪਰ ਨੂੰ ਨਹੀਂ ਉਲਝਾ ਸਕੀ।

ਬੈਲਜੀਅਮ ਨੇ ਇਸ ਕੁਆਰਟਰ ਦੇ ਅੰਤਿਮ ਪਲਾਂ ਵਿਚ ਚੰਗਾ ਖੇਡ ਦਿਖਾਇਆ ਅਤੇ 43ਵੇਂ ਮਿੰਟ ਵਿਚ ਮੈਥਿਊ ਡਿ ਲੀਟ ਨਾਲ ਮੁੜ ਵਾਧਾ ਹਾਸਲ ਕੀਤਾ। (ਪੀਟੀਆਈ)