ਕੈਪਟਾਊਨ, 24 ਫ਼ਰਵਰੀ: ਮੇਜ਼ਬਾਨ ਦਖਣੀ ਅਫ਼ਰੀਕਾ ਵਿਰੁਧ ਲੜੀ ਦੇ ਆਖ਼ਰੀ ਅਤੇ ਪੰਜਵੇਂ ਟੀ20 ਮੈਚ 'ਚ ਭਾਰਤੀ ਮਹਿਲਾਵਾਂ ਨੇ ਮੇਜ਼ਬਾਨ ਟੀਮ ਨੂੰ 54 ਦੌੜਾਂ ਨਾਲ ਹਰਾ ਕੇ ਲੜੀ 2-1 ਨਾਲ ਅਪਣੇ ਨਾਮ ਕਰ ਲਈ।ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ਦਖਣੀ ਅਫ਼ਰੀਕਾ ਦੀ ਧਰਤੀ 'ਤੇ ਇਤਿਹਾਸ ਰਚ ਦਿਤਾ, ਕਿਉਂ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਦਖਣੀ ਅਫ਼ਰੀਕਾ ਤੋਂ ਇਕ ਦਿਨਾ ਮੈਚਾਂ ਦੀ ਲੜੀ ਵੀ ਜਿੱਤ ਚੁਕੀ ਹੈ।
ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਮਹਿਲਾ ਟੀਮ ਨੇ ਦਖਣੀ ਅਫ਼ਰੀਕਾ 'ਚ ਵਨ ਡੇ ਅਤੇ ਟੀ20 ਲੜੀਆਂ ਦੋਵਾਂ 'ਚ ਹੀ ਜਿੱਤ ਦਰਜ ਕੀਤੀ ਹੋਵੇ। ਭਾਰਤੀ ਟੀਮ ਤੋਂ ਜਿੱਤ ਲਈ ਮਿਲੇ 167 ਦੌੜਾਂ ਦੇ ਟੀਚੇ ਦਾ ਪਿਛਾ ਕਰਦਿਆਂ ਮੇਜ਼ਬਾਨ ਟੀਮ 18 ਓਵਰਾਂ 'ਚ 112 ਦੌੜਾਂ ਬਣਾ ਕੇ ਹੀ ਆਊਟ ਹੋ ਗਈ। ਭਾਰਤ ਲਈ ਸ਼ਿਖ਼ਾ ਪਾਂੜੇ, ਰੂਮੇਲੀ ਧਰ ਅਤੇ ਰਾਜੇਸ਼ਵਰੀ ਗਾਇਕਵਾੜ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਪੂਨਮ ਯਾਦਵ ਨੇ ਇਕ ਖਿਡਾਰੀ ਨੂੰ ਆਊਟ ਕੀਤਾ। (ਏਜੰਸੀ)