ਭਾਰਤੀ ਮਹਿਲਾ ਟੀਮ ਨੂੰ ਵਧਾਈ ਦੇਣ ਦੇ ਚੱਕ‍ਰ 'ਚ ਬਿਗ ਬੀ ਤੋਂ ਹੋਈ ਗ਼ਲਤੀ, ਮੰਗੀ ਮੁਆਫ਼ੀ

ਖ਼ਬਰਾਂ, ਖੇਡਾਂ

ਮੁੰਬਈ : ਸੋਸ਼ਲ ਮੀਡੀਆ 'ਤੇ ਬਿਗ - ਬੀ ਮਤਲਬ ਅਮਿਤਾਭ ਬੱਚਨ ਖਾਸੇ ਸਰਗਰਮ ਹਨ ਪਰ ਇਸ ਵਾਰ ਕਾਹਲੀ 'ਚ ਕੀਤੀ ਗਈ ਇਕ ਗ਼ਲਤੀ ਨਾਲ ਉਹ ਟਰੋਲਰਜ਼ ਦੇ ਨਿਸ਼ਾਨੇ 'ਤੇ ਆ ਗਏ ਹਨ। ਅਮਿਤਾਭ ਬੱਚਨ ਨੇ ਐਤਵਾਰ ਨੂੰ ਮਹਿਲਾ ਟੀਮ ਇੰਡੀਆ ਦੀ ਇਕ ਤਸਵੀਰ ਪੋਸਟ ਕਰ ਕੇ ਵਧਾਈ ਦਿਤੀ ਪਰ ਅਫਰੀਕਾ ਦੀ ਜਗ੍ਹਾ ਉਹ ਆਸਟ੍ਰੇਲੀਆ 'ਤੇ ਟੀਮ ਇੰਡੀਆ ਦੀ ਜਿੱਤ ਦੱਸ ਬੈਠੇ। ਬਸ ਇੰਨਾ ਲਿਖਣ ਦੀ ਦੇਰ ਸੀ ਕਿ ਉਨ੍ਹਾਂ ਦੀ ਇਹ ਗ਼ਲਤੀ ਸੋਸ਼ਲ ਮੀਡੀਆ 'ਤੇ ਟਰੋਲ ਹੋ ਗਈ। 



ਇਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਗ਼ਲਤੀ ਵੱਲ ਧਿਆਨ ਦਿਵਾਉਂਦੇ ਹੋਏ ਉਨ੍ਹਾਂ 'ਤੇ ਚੁਟਕੀ ਲਈ। ਅਮਿਤਾਭ ਨੇ ਜੋ ਤਸਵੀਰ ਟਵੀਟ ਕੀਤੀ, ਉਹ ਤਸਵੀਰ ਦੱਖਣ ਅਫ਼ਰੀਕਾ 'ਚ ਮਹਿਲਾ ਕ੍ਰਿਕਟ ਟੀਮ ਨੂੰ ਮਿਲੀ ਜਿੱਤ ਦੇ ਬਾਅਦ ਦੀ ਸੀ। ਬਾਅਦ 'ਚ ਅਮਿਤਾਭ ਬੱਚਨ ਨੂੰ ਦੂਜਾ ਟਵੀਟ ਕਰ ਕੇ ਅਪਣੀ ਇਸ ਗ਼ਲਤੀ 'ਤੇ ਮੁਆਫ਼ੀ ਮੰਗਣੀ ਪਈ। ਹਾਲਾਂਕਿ ਉਨ੍ਹਾਂ ਨੇ ਬਾਅਦ ਵਿਚ ਅਪਣਾ ਇਹ ਟਵੀਟ ਡਿਲੀਟ ਨਹੀਂ ਕੀਤਾ ਸਗੋਂ ਦੂਜੇ ਟਵੀਟ 'ਚ ਕਿਹਾ ਕਿ ਕ੍ਰਿਪਾ ਆਸਟ੍ਰੇਲੀਆ ਦੀ ਜਗ੍ਹਾ ਦੱਖਣ ਅਫ਼ਰੀਕਾ ਪੜ੍ਹੋ।


ਅਮਿਤਾਭ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ ''ਆਸਟ੍ਰੇਲੀਆ ਦੇ ਖਿ਼ਲਾਫ਼ ਇਸ ਇਤਿਹਾਸਿਕ ਜਿੱਤ ਲਈ ਵਧਾਈ ਮਹਿਲਾ ਟੀਮ ਇੰਡੀਆ।'' ਭਾਰਤੀ ਟੀਮ ਨੇ ਬੱਲੇਬਾਜ਼ੀ, ਫੀਲਡਿੰਗ 'ਚ ਕਮਾਲ ਦਾ ਪ੍ਰਦਰਸ਼ਨ ਦਿਖਾਇਆ। ਖ਼ਾਸ ਕਰ ਜੇਮਿਮਾ ਰੋਡਰਿਗਜ਼ ਦਾ ਬਾਊਂਡਰੀ 'ਤੇ ਕਮਾਲ ਦਾ ਕੈਚ। ਸਾਨੂੰ ਤੁਹਾਡੇ ਸਾਰਿਆਂ 'ਤੇ ਗਰਵ ਹੈ।'' ਇਸ ਟਵੀਟ ਦੇ ਬਾਅਦ ਸ਼ੁਰੂਆਤੀ ਕੁਝ ਸਮੇਂ ਤੱਕ ਲੋਕ ਵਧਾਈ ਦਿੰਦੇ ਰਹੇ ਪਰ ਬਾਅਦ 'ਚ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਗ਼ਲਤੀ ਫੜ ਲਈ ਅਤੇ ਟਰੋਲ ਕਰਨ ਲੱਗੇ।



ਵੀਰੇਂਦਰ ਸਹਿਵਾਗ ਦੇ ਅਕਾਊਂਟ ਤੋਂ ਲਿਖਿਆ ਗਿਆ ''ਕੀ ਤੁਸੀਂ ਹਾਈਲਾਈਟਸ ਦੇਖ ਰਹੇ ਹੋ।'' ਉਥੇ ਹੀ ਅਜੈ ਕੁਮਾਰ ਸਿੰਘ ਨੇ ਕਿਹਾ ਕਿ ''ਲਗਦਾ ਹੈ ਤੁਸੀਂ ਭਵਿੱਖ ਦੇਖ ਰਹੇ ਹੋ।'' ਪ੍ਰੀਤਮ ਕਾਲਸਕਰ ਨੇ ਤੰਜ ਕਸਦੇ ਹੋਏ ਕਿਹਾ - ''ਇਹ ਸੀਰੀਜ਼ ਕਦੋਂ ਹੋਈ''। ਉਧਰ ਜਦੋਂ ਅਮਿਤਾਭ ਬੱਚਨ ਨੇ ਮੁਆਫ਼ੀ ਮੰਗੀ ਤਾਂ ਚੇਲੀ ਬਲਾਸਮ ਨਾਮਕ ਯੂਜ਼ਰ ਨੇ ਲਿਖਿਆ - ''ਅਪਣੀ ਗ਼ਲਤੀ ਮੰਨਣਾ ਮਹਾਨਤਾ ਦਾ ਪ੍ਰਤੀਕ ਹੈ। ਰੋਹਬ 'ਚ ਲੋਕ ਮੁਆਫ਼ੀ ਮੰਗਣ ਦੀ ਗੱਲ ਛੱਡ, ਅਪਣੀਆਂ ਗ਼ਲਤੀਆਂ ਨੂੰ ਵੀ ਠੀਕ ਸਾਬਤ ਕਰਨ 'ਚ ਜੁਟ ਜਾਂਦੇ ਹਨ।''


ਦੱਸ ਦੇਈਏ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣ ਅਫ਼ਰੀਕਾ ਨੂੰ ਉਸ ਦੇ ਮੈਦਾਨ 'ਚ ਵਨ-ਡੇਅ ਅਤੇ ਟੀ- 20 ਸੀਰੀਜ਼ 'ਚ ਹਰਾ ਦਿਤਾ ਸੀ। ਉਸ ਸੀਰੀਜ਼ 'ਚ ਮਹਿਲਾ ਟੀਮ ਨੇ ਤਿੰਨ ਵਨ-ਡੇ ਅਤੇ ਪੰਜ ਟੀ-20 ਮੈਚ ਖੇਡੇ ਸਨ। ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ 2 -1 ਤੋਂ ਅਫ਼ਰੀਕਾ ਨੂੰ ਹਰਾਉਣ ਤੋਂ ਬਾਅਦ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ ਵੀ ਮੇਜ਼ਬਾਨ ਟੀਮ ਨੂੰ 3-1 ਤੋਂ ਹਰਾ ਦਿਤਾ ਸੀ। 



ਸੀਰੀਜ਼ 'ਚ ਸਮ੍ਰਿਤੀ ਮੰਧਾਨਾ ਅਤੇ ਮਿਤਾਲੀ ਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਲੜੀ 'ਚ ਝੂਲਨ ਗੋਸਵਾਮੀ ਨੇ ਰਿਕਾਰਡ ਦੋ ਸੌ ਵਿਕੇਟ ਹਾਸਲ ਕਰ ਦੁਨੀਆ ਦੀ ਪਹਿਲੀ ਮਹਿਲਾ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ। ਆਸਟ੍ਰੇਲਿਆ ਦੇ ਨਾਲ ਓਡੀਆਈ ਮੈਚਾਂ ਦੀ ਸੀਰੀਜ਼ 12 ਮਾਰਚ ਨੂੰ ਵਡੋਦਰਾ 'ਚ ਸ਼ੁਰੂ ਹੋਵੇਗੀ। ਕੁਲ ਤਿੰਨ ਓਡੀਆਈ ਮੈਚ ਇਸ ਸੀਰੀਜ਼ ਦੇ ਦੌਰਾਨ ਖੇਡੇ ਜਾਣਗੇ।