ਬੀ.ਸੀ.ਸੀ.ਆਈ. ਨੂੰ 52 ਲੱਖ ਦਾ ਜੁਰਮਾਨਾ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 29 ਨਵੰਬਰ: ਸੀਸੀਆਈ ਨੇ ਅੱਜ ਆਈਪੀਐਲ ਮੀਡੀਆ ਅਧਿਕਾਰ ਅਧੀਨ ਮੁਕਾਬਲਾ ਵਿਰੋਧੀ ਗਤੀਵਿਧੀਆਂ ਲਈ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) 'ਤੇ 52 ਕਰੋੜ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਇਸ ਤੋਂ ਪਹਿਲਾਂ ਫਰਵਰੀ 2013 'ਚ ਵੀ ਸੀਸੀਆਈ ਨੇ ਬੀਸੀਸੀਆਈ 'ਤੇ ਇੰਨਾ ਹੀ ਜੁਰਮਾਨਾ ਲਗਾਇਆ ਸੀ ਪਰ ਬੀਸੀਸੀਆਈ ਵਲੋਂ ਅਪੀਲ ਕਰਨ 'ਤੇ ਇਸ ਨੂੰ ਰੱਦ ਕਰ ਦਿਤਾ ਗਿਆ ਸੀ। ਸੀਸੀਆਈ ਨੇ 44 ਪੰਨਿਆਂ ਦੇ ਅਪਣੇ ਆਦੇਸ਼ 'ਚ ਕਿਹਾ ਹੈ ਕਿ 52 ਕਰੋੜ 24 ਲੱਖ ਰੁਪਏ ਦਾ ਜੁਰਮਾਨਾ ਪਿਛਲੇ ਤਿੰਨ ਵਿੱਤੀ ਸਾਲਾਂ 'ਚ ਬੀਸੀਸੀਆਈ ਦੇ ਸਬੰਧਤ ਟਰਨ-ਓਵਰ ਦਾ ਲਗਭਗ 4.48 ਫ਼ੀ ਸਦੀ ਹੈ। ਬੀਸੀਸੀਆਈ ਦੀ ਤਿੰਨ ਵਿੱਤੀ ਸਾਲਾਂ 2013-14, 2014-15 ਅਤੇ 2015-16 'ਚ ਔਸਤ ਕਮਾਈ 1164.7 ਕਰੋੜ ਰੁਪਏ ਰਹੀ ਹੈ। ਸੀਸੀਆਈ ਨੇ ਕਿਹਾ ਕਿ ਕਮਿਸ਼ਨ ਦੇ ਮੁਲਾਂਕਣ ਤੋਂ ਸਪਸ਼ਟ ਤੌਰ 'ਤੇ ਪਤਾ ਚਲਿਆ ਹੈ ਕਿ ਬੀਸੀਸੀਆਈ ਨੇ ਪ੍ਰਸਾਰਣ ਅਧਿਕਾਰੀਆਂ ਦੀ ਬੋਲੀ ਲਗਾਉਣ ਵਾਲਿਆਂ ਦੇ ਹਿੱਤਾਂ ਤੋਂ ਇਲਾਵਾ ਬੀਸੀਸੀਆਈ ਦੇ ਆਰਥਕ ਹਿੱਤਾਂ ਨੂੰ ਬਚਾਉਣ ਲਈ ਜਾਣ-ਬੁਝ ਕੇ ਮੀਡੀਆ ਅਧਿਕਾਰ ਕਰਾਰ 'ਚੋਂ ਇਕ ਨਿਯਮ ਹਟਾਇਆ।