ਢਾਕਾ, 22 ਅਕਤੂਬਰ: ਏਸ਼ੀਆ ਕੱਪ ਹਾਕੀ 2017 ਦੇ ਫ਼ਾਈਨਲ 'ਚ ਭਾਰਤ ਨੇ ਐਤਵਾਰ ਨੂੰ ਮਲੇਸ਼ੀਆ ਨੂੰ 2-1 ਨਾਲ ਹਰਾ ਦਿਤਾ। ਪਹਿਲਾ ਹਾਫ਼ ਖ਼ਤਮ ਹੋਣ 'ਤੇ ਭਾਰਤ ਨੇ 2-1 ਦਾ ਵਾਧਾ ਦਰਜ ਕਰ ਲਿਆ ਸੀ। ਮੈਚ ਦੇ ਸ਼ੁਰੂ 'ਚ ਹੀ ਭਾਰਤ ਨੇ ਹਮਲਾਵਰ ਰੁਖ਼ ਅਪਣਾਇਆ ਹੋਇਆ ਸੀ। ਰਮਨਦੀਪ ਸਿੰਘ ਨੇ ਮਲੇਸ਼ੀਆ ਦੇ ਡਿਫ਼ੈੱਸ ਨੂੰ ਚਕਮਾ ਦਿੰਦਿਆਂ ਗੋਲ ਪੋਸਟ 'ਚ ਗੇਂਦ ਦਾਗ ਦਿਤੀ। ਇਸ ਤੋਂ ਬਾਅਦ ਲਲਿਤ ਉਪਾਧਿਆ ਨੇ ਭਾਰਤ ਦੇ ਵਾਧੇ ਨੂੰ ਹੋਰ ਵਧਾ ਦਿਤਾ। ਲਲਿਤ ਨੇ ਸਨਿਚਰਵਾਰ ਸ਼ਾਮ ਪਾਕਿਸਤਾਨ ਵਿਰੁਧ ਸੈਮੀਫ਼ਾਇਨਲ 'ਚ ਵੀ ਗੋਲ ਕੀਤਾ ਸੀ। ਭਾਰਤ ਨੇ ਸੈਮੀ ਫ਼ਾਇਨਲ 'ਚ ਪਾਕਿਸਤਾਨ ਨੂੰ ਹਰਾਇਆ ਸੀ। ਗਰੁੱਪ 4 ਸਟੇਜ 'ਚ ਭਾਰਤ ਨੇ ਮਲੇਸ਼ੀਆ ਨੂੰ 6-2 ਨਾਲ ਹਰਾਇਆ ਸੀ।ਭਾਰਤੀ ਟੀਮ ਨੇ ਮਲੇਸ਼ੀਆ 'ਤੇ ਸ਼ੁਰੂ ਤੋਂ ਹੀ ਦਬਦਬਾ ਬਣਾ ਕੇ ਰੱਖਿਆ ਪਰ ਚੌਥੇ ਕੁਆਟਰ 'ਚ ਮਲੇਸ਼ੀਆ ਦੀ ਖੇਡ ਤੇਜ ਰਹੀ। ਖੇਡ ਦਾ ਚੌਥਾ ਕੁਆਟਰ ਸ਼ੁਰੂ ਹੁੰਦਿਆਂ ਹੀ ਮਲੇਸ਼ੀਆ ਦੇ ਖਿਡਾਰੀਆਂ ਨੇ ਭਾਰਤੀ ਡੀ 'ਤੇ ਹਮਲੇ ਤੇਜ ਕਰ ਦਿਤੇ ਪਰ ਭਾਰਤੀ ਟੀਮ ਦੇ ਡਿਫੈਂਸ ਵਿੰਗ ਨੇ ਉਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿਤਾ। ਇਸ ਦੌਰਾਨ ਮਲੇਸ਼ੀਆਈ ਟੀਮ ਨੂੰ ਇਕ ਪੈਨਲਟੀ ਕਾਰਨਰ ਵੀ ਮਿਲਿਆ ਪਰ ਉਹ ਇਸ ਨੂੰ ਗੋਲ 'ਚ ਨਹੀਂ ਬਦਲ ਸਕੀ।