ਭੁਵਨੇਸ਼ਵਰ, 7 ਦਸੰਬਰ: ਖ਼ਿਤਾਬ ਦੀ ਮੁੱਖ ਦਾਅਵੇਦਾਰ ਮੰਨੀ ਜਾ ਰਹੀ ਉਲੰਪਿਕ ਸਿਲਵਰ ਮੈਡਲ ਜੇਤੂ ਬੈਲਜੀਅਮ ਟੀਮ ਨੂੰ 'ਸਡਨ ਡੈਥ' ਵਿਚ ਹਰਾਉਣ ਤੋਂ ਬਾਅਦ ਆਤਮ-ਵਿਸ਼ਵਾਸ ਨਾਲ ਲਬਰੇਜ ਭਾਰਤੀ ਹਾਕੀ ਟੀਮ ਅੱਜ ਹਾਕੀ ਵਿਸ਼ਵ ਲੀਗ ਫ਼ਾਈਨਲਜ਼ ਦੇ ਸੈਮੀਫ਼ਾਈਨਲ 'ਚ ਉਤਰੇਗੀ। ਸੈਮੀਫ਼ਾਈਨਲ 'ਚ ਭਾਰਤ ਦੀ ਟੱਕਰ ਦੁਨੀਆਂ ਦੀ ਨੰਬਰ ਇਕ ਟੀਮ ਅਤੇ ਰੀਓ ਉਲੰਪਿਕ ਚੈਂਪੀਅਨ ਅਰਜਟੀਨਾ ਜਾਂ ਇੰਗਲੈਂਡ ਨਾਲ ਹੋਵੇਗੀ, ਜਿਸ ਨੇ ਪੂਲ ਪੜਾਅ 'ਚ ਭਾਰਤ ਨੂੰ ਹਰਾਇਆ ਸੀ, ਸੋ ਭਾਰਤੀ ਟੀਮ ਸਾਹਮਣੇ ਸਫ਼ਲਤਾ ਦੀ ਲੈਅ ਨੂੰ ਜਾਰੀ ਰੱਖਦਿਆਂ ਫ਼ਾਈਨਲ ਤਕ ਪਹੁੰਚਣਾ ਵੱਡੀ ਚੁਣੌਤੀ ਹੋਵੇਗੀ। ਕਲਿੰਗਾ ਸਟੇਡੀਅਮ 'ਤੇ ਦਸ ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਸਾਹਮਣੇ ਭਾਰਤ ਨੇ ਕੱਲ੍ਹ ਜੋ ਮੁਕਾਬਲਾ ਜਿੱਤਿਆ, ਉਹ ਸਾਲਾਂ ਤਕ ਹਾਕੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਰਹੇਗਾ। ਸਟੀਕ ਪੈਨਲਟੀ ਕਾਰਨਰ, ਤੇਜ਼ ਤਰਾਰ ਹਮਲਾ, ਸ਼ਾਨਦਾਰ ਡਿਫ਼ੈੱਸ ਅਤੇ ਸੱਭ ਤੋਂ ਅਹਿਮ ਜਿੱਤ ਦਾ ਹੌਂਸਲਾ ਟੀਮ ਕੋਲ ਹੈ।