ਹਾਕੀ ਇੰਡੀਆ: ਰਾਸ਼ਟਰੀ ਕੈਂਪ ਲਈ 33 ਖਿਡਾਰਨਾਂ ਚੁਣੀਆਂ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 27 ਅਕਤੂਬਰ: ਹਾਕੀ ਇੰਡੀਆ ਨੇ ਐਤਵਾਰ ਤੋਂ ਬੰਗਲੌਰ ਦੇ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ 'ਚ ਲੱਗਣ ਵਾਲੇ ਜੂਨੀਅਰ ਮਹਿਲਾ ਰਾਸ਼ਟਰੀ ਕੈਂਪ ਲਈ ਅੱਜ 33 ਖਿਡਾਰੀਆਂ ਦਾ ਐਲਾਨ ਕੀਤਾ। ਖਿਡਾਰੀ ਜੂਨੀਅਰ ਮਹਿਲਾ ਕੋਚ ਬਲਜੀਤ ਸਿੰਘ ਨੂੰ ਰਿਪੋਰਟ ਕਰੇਗੀ ਅਤੇ 16 ਦਸੰਬਰ ਤਕ ਟ੍ਰੇਨਿੰਗ ਕਰੇਗੀ।ਬੀ. ਦੇਵੀ ਖਾਰੀਬਾਮ, ਸਲੀਮਾ ਟੇਟੇ, ਅਸਮਿਤਾ ਬਾਰਲਾ, ਗਗਨਦੀਪ ਕੌਰ, ਇਸ਼ਿਕਾ ਚੌਧਰੀ, ਮਹਿਮਾ ਚੌਧਰੀ, ਸੁਮਨ ਦੇਵੀ ਥੌਡਮ, ਸੰਗੀਤਾ ਕੁਮਾਰੀ, ਮੁਮਤਾਜ ਖ਼ਾਨ ਅਜਿਹੀਆਂ ਖਿਡਾਰਨਾਂ ਹਨ, ਜੋ ਭਾਰਤ 'ਏ' ਟੀਮ ਦਾ ਵੀ ਹਿੱਸਾ ਸਨ, ਜਿਨ੍ਹਾਂ ਨੇ ਪਰਥ 'ਚ ਹਾਲ ਹੀ 'ਚ ਹੋਈ ਆਸਟ੍ਰੇਲੀਆਈ ਹਾਕੀ ਲੀਗ (ਏ.ਐਚ.ਐਲ) 'ਚ ਹਿੱਸਾ ਲਿਆ ਸੀ। ਇਸ ਸੂਚੀ 'ਚ ਫ਼ਾਰਵਰਡ ਲਾਲਰੇਮਸਿਆਮੀ ਵੀ ਸ਼ਾਮਲ ਹਨ,

 ਜੋ ਸੀਨੀਅਰ ਮਹਿਲਾ ਟੀਮ ਨਾਲ ਹਨ, ਜੋ ਜਾਪਾਨ ਦੇ ਕਾਕਾਮਿਗਾਹਾਰਾ 'ਚ ਮਹਿਲਾ ਏਸ਼ੀਆ ਕੱਪ 'ਚ ਭਾਰਤ ਦੀ ਅਗਵਾਈ ਕਰ ਰਹੀ ਹੈ।ਕੋਚ ਬਲਜੀਤ ਨੇ ਕਿਹਾ ਕਿ ਸਾਡੀਆਂ ਕੁਝ ਖਿਡਾਰਨਾ ਏ.ਐਚ.ਐਲ 'ਚ ਵੀ ਖੇਡ ਚੁਕੀਆਂ ਹਨ, ਜਦੋਂ ਕਿ ਲਾਲਰੇਮਸਿਆਮੀ ਮਹਿਲਾ ਏਸ਼ੀਆ ਕੱਪ ਤੋਂ ਬਾਅਦ ਕੈਂਪ ਨਾਲ ਜੁੜਨਗੀਆਂ। ਹਾਲਾਂਕਿ ਅਸੀਂ ਤੁਰਤ ਹੀ ਕੋਈ ਟੂਰਨਾਮੈਂਟ ਨਹੀਂ ਖੇਡਾਂਗੇ ਪਰ ਧਿਆਨ ਅਗਲੇ ਜੂਨੀਅਰ ਵਿਸ਼ਵ ਕੱਪ ਲਈ 2019 'ਚ ਹੋਣ ਵਾਲੇ ਕੁਆਲੀਫ਼ਾਇੰਗ ਟੂਰਨਾਮੈਂਟ 'ਤੇ ਲੱਗਿਆ ਹੋਇਆ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਕੁਆਲੀਫ਼ੇਕਸ਼ਨ ਪ੍ਰਾਪਤ ਕਰ ਲਵਾਂਗੇ। (ਪੀ.ਟੀ.ਆਈ)