ਹਾਰਦਿਕ ਪੰਡਯਾ ਮੇਰੇ ਨਾਲੋਂ ਬਿਹਤਰ ਖਿਡਾਰੀ : ਕਪਿਲ ਦੇਵ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 27 ਸਤੰਬਰ : ਸਾਬਕਾ ਭਾਰਤੀ ਧਾਕੜ ਆਲਰਾਉਂਡਰ ਕਪਿਲ ਦੇਵ ਅਤੇ ਹਾਰਦਿਕ ਪੰਡਯਾ ਦੀ ਖੇਡ 'ਚ ਤੁਲਨਾ ਹੁੰਦੀ ਰਹਿੰਦੀ ਹੈ ਪਰ ਕਪਿਲ ਨੇ ਪੰਡਯਾ ਨੂੰ ਖ਼ੁਦ ਤੋਂ ਬਿਹਤਰ ਕ੍ਰਿਕਟਰ ਦਸਿਆ ਹੈ। ਕਪਿਲ ਦਾ ਮੰਨਣਾ ਹੈ ਕਿ ਹਾਰਦਿਕ ਉਨ੍ਹਾਂ ਤੋਂ ਵੀ ਚੰਗੇ ਖਿਡਾਰੀ ਹਨ ਪਰ ਉਨ੍ਹਾਂ ਨੂੰ ਕਾਫ਼ੀ ਮਿਹਨਤ ਕਰਨ ਦੀ ਜ਼ਰੂਰਤ ਹੈ ।
1983 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ ਕਪਿਲ ਨੇ ਇਕ ਟੀਵੀ ਚੈਨਲ ਨੂੰ ਕਿਹਾ, ਹਾਰਦਿਕ ਮੇਰੇ ਤੋਂ ਵੀ ਚੰਗੇ ਖਿਡਾਰੀ ਹਨ। ਹਾਲਾਂਕਿ ਹੁਣੇ ਇਹ ਕਹਿਣਾ ਜਲਦਬਾਜ਼ੀ ਹੋਵੇਗਾ। ਉਨ੍ਹਾਂ ਨੂੰ ਹੁਣੇ ਬਹੁਤ ਕੁੱਝ ਹਾਸਲ ਕਰਨਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ। ਸਾਨੂੰ ਉਨ੍ਹਾਂ ਨੂੰ ਖੇਡਣ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ 'ਤੇ ਮੈਦਾਨ ਦੇ ਬਾਹਰ ਦਾ ਦਬਾਅ ਨਹੀਂ ਪਾਉਣਾ ਚਾਹੀਦਾ ਹੈ। ਪੰਡਯਾ ਬਹੁਤ ਕਿਸਮਤ ਵਾਲੇ ਅਤੇ ਸ਼ਾਨਦਾਰ ਖਿਡਾਰੀ ਹਨ ਜੋ ਉਨ੍ਹਾਂ ਨੂੰ ਮੇਰੇ ਤੋਂ ਵੀ ਅੱਗੇ ਖੜ੍ਹਾ ਕਰਦਾ ਹੈ ।  
ਆਸਟਰੇਲੀਆ ਵਿਰੁਧ ਮੌਜੂਦਾ ਸੀਰੀਜ਼ ਦੇ ਸ਼ੁਰੂਆਤੀ 3 ਵਨਡੇ ਮੈਚਾਂ ਵਿਚ ਪੰਡਯਾ ਨੇ ਗੇਂਦ ਅਤੇ ਬੱਲੇ ਦੋਹਾਂ ਨਾਲ ਕਮਾਲ ਵਿਖਾਇਆ ਹੈ। ਪੰਡਯਾ ਨੇ 3 ਮੈਚਾਂ ਵਿਚੋਂ 2 ਵਿਚ ਮੈਨ ਆਫ਼ ਦ ਮੈਚ ਦਾ ਖਿਤਾਬ ਹਾਸਲ ਕੀਤਾ ਹੈ। ਉਹ ਮੌਜੂਦਾ ਸੀਰੀਜ਼ ਵਿਚ ਹੁਣ ਤਕ ਸੱਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਪੰਡਯਾ ਨੇ 3 ਮੈਚਾਂ ਵਿਚ 60.33 ਦੀ ਔਸਤ ਨਾਲ 181 ਦੌੜਾਂ ਬਣਾਈਆਂ ਹਨ ਅਤੇ 2 ਅਰਧ ਸੈਂਕੜੇ ਵੀ ਲਗਾਏ ਹਨ। ਉਨ੍ਹਾਂ ਨੇ ਇਸ ਸੀਰੀਜ਼ ਵਿਚ ਹੁਣ ਤਕ 3 ਮੈਚਾਂ ਵਿਚ 5 ਵਿਕਟਾਂ ਲਈਆਂ ਹਨ। (ਪੀ.ਟੀ.ਆਈ.)