ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਾਕ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। 27 ਅਕਤੂਬਰ 1984 ਨੂੰ ਪੈਦਾ ਹੋਏ ਇਰਫਾਨ ਨੂੰ 2003 ਵਿਚ ਟੈਸਟ ਟੀਮ ਵਿਚ ਜਗ੍ਹਾ ਮਿਲੀ। ਉਨ੍ਹਾਂ ਦੇ ਸ਼ੁਰੂਆਤੀ ਕਰੀਅਰ ਦੇ 4 ਸਾਲ ਬੇਹੱਦ ਸ਼ਾਨਦਾਰ ਰਹੇ। ਪਰ ਇਰਫਾਨ ਲਈ ਜੇਕਰ ਕੋਈ ਖਾਸ ਦਿਨ ਰਿਹਾ ਤਾਂ ਉਹ ਸੀ ਸਾਲ 2006 ਵਿਚ 29 ਜਨਵਰੀ। ਇਸ ਦਿਨ ਇਰਫਾਨ ਨੇ ਆਪਣੀ ਪਠਾਨਗਿਰੀ ਦਿਖਾਉਂਦੇ ਹੋਏ ਪਾਕਿਸਤਾਨ ਟੀਮ ਦੇ ਖਿਡਾਰੀਆਂ ਨੂੰ ਗੋਢੇ ਟੇਕਣ ਲਈ ਮਜ਼ਬੂਰ ਕਰ ਦਿੱਤਾ ਸੀ।
ਸਾਲ 2006 ਵਿਚ ਜਦੋਂ ਭਾਰਤੀ ਟੀਮ ਟੈਸਟ ਸੀਰੀਜ਼ ਲਈ ਪਾਕਿਸਤਾਨ ਗਈ ਸੀ ਤਾਂ ਉਸ ਦੌਰਾਨ ਇਰਫਾਨ ਨੇ ਇਕ ਅਜਿਹਾ ਰਿਕਾਰਡ ਕਾਇਮ ਕੀਤਾ ਸੀ ਜੋ ਅੱਜ ਤੱਕ ਕੋਈ ਗੇਂਦਬਾਜ਼ ਨਹੀਂ ਤੋੜ ਸਕਿਆ। ਇਰਫਾਨ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਆਖਰੀ ਟੈਸਟ ਮੈਚ ਵਿਚ ਮੈਚ ਦੇ ਪਹਿਲੇ ਓਵਰ ਦੀਆਂ ਅਖੀਰਲੀਆਂ ਗੇਂਦਾਂ ਉੱਤੇ ਹੀ ਤਿੰਨ ਵਿਕਟਾਂ ਲੈ ਕੇ ਰਿਕਾਰਡ ਹੈਟਰਿਕ ਹਾਸਲ ਕੀਤੀ ਸੀ।
ਉਨ੍ਹਾਂ ਨੇ ਇਹ ਕਾਰਨਾਮਾ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿਚ ਵਿਖਾਇਆ ਸੀ। ਪਹਿਲੇ ਹੀ ਓਵਰ ਵਿਚ ਹੈਟਰਿਕ ਲੈਣ ਵਾਲੇ ਇਰਫਾਨ ਪਠਾਨ ਵਿਸ਼ਵ ਦੇ ਪਹਿਲੇ ਗੇਂਦਬਾਜ਼ ਬਣੇ ਸਨ। ਉਨ੍ਹਾਂ ਦਾ ਇਹ ਰਿਕਾਰਡ ਅੱਜ ਵੀ ਕਾਇਮ ਹੈ।