ਨਵੀਂ ਦਿੱਲੀ, 6 ਫ਼ਰਵਰੀ : ਆਈ.ਸੀ.ਸੀ. ਮਹਿਲਾ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫ਼ਰੀਕਾ ਨੂੰ 88 ਦੌੜਾਂ ਨਾਲ ਹਰਾ ਦਿਤਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਟੀਮ ਦੀ ਸ਼ੁਰੁਆਤ ਚੰਗੀ ਰਹੀ ਅਤੇ ਸਲਾਮੀ ਬੱਲੇਬਾਜ਼ ਪੂਨਮ ਰਾਉਤ ਨੇ ਸਮ੍ਰਿਤੀ ਮੰਧਾਨਾ ਦੇ ਨਾਲ ਮਿਲਕੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ। ਦੋਵਾਂ ਵਿਚਾਲੇ ਪਹਿਲੇ ਵਿਕਟ ਲਈ 55 ਦੌੜਾਂ ਦੀ ਸਾਂਝ ਹੋਈ, ਇਸ ਤੋਂ ਬਾਅਦ 19 ਦੇ ਸਕੋਰ 'ਤੇ ਪੂਨਮ ਰਾਉਤ ਆਊਟ ਹੋ ਗਈ। ਹਾਲਾਂਕਿ, ਇਕ ਪਾਸੇ ਤੋਂ ਸਮ੍ਰਿਤੀ ਮੰਧਾਨਾ ਨੇ ਟੀਮ ਨੂੰ ਸੰਭਾਲਣ ਦਾ ਕੰਮ ਕੀਤਾ ਅਤੇ ਭਾਰਤੀ ਟੀਮ ਨੂੰ ਇੱਕ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਮੰਧਾਨਾ ਨੇ ਭਾਰਤ ਵਲੋਂ ਸੱਭ ਤੋਂ ਜ਼ਿਆਦਾ 84 ਦੌੜਾਂ ਬਣਾਈਆਂ । ਜਦਕਿ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਵੀ 45 ਦੌੜਾਂ ਜੋੜੀਆਂ। ਇਨ੍ਹਾਂ ਦੋਨਾਂ ਦੀ ਬਦੌਲਤ ਭਾਰਤੀ ਟੀਮ 50 ਓਵਰਾਂ ਵਿੱਚ ਸੱਤ ਵਿਕਟਾਂ ਉੱਤੇ 213 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ। ਟੀਚੇ ਦਾ ਪਿੱਛਾ ਕਰਨ ਉਤਰੀ ਦਖਣੀ ਅਫ਼ਰੀਕਾ ਦੀ ਪੂਰੀ ਟੀਮ ਸਿਰਫ਼ 125 ਦੌੜਾਂ ਬਣਾਕੇ ਆਲ ਆਉਟ ਹੋ ਗਈ। ਭਾਰਤ ਵਲੋਂ ਝੂਲਨ ਗੋਸਵਾਮੀ ਨੇ ਸੱਭ ਤੋਂ ਜ਼ਿਆਦਾ 4 ਵਿਕਟ ਝਟਕੇ, ਝੂਲਨ ਤੋਂ ਇਲਾਵਾ ਸ਼ਿਖਾ ਪਾੰਡੇ ਨੇ ਤਿੰਨ ਅਤੇ ਪੂਨਮ ਯਾਦਵ ਨੇ ਇਕ ਵਿਕਟ ਹਾਸਲ ਕੀਤਾ।